ਸ਼ਹਿਰ ਦੇ ਚੌਕਾਂ ਤੇ ਗਲੀਆਂ ’ਚ ਸਟ੍ਰੀਟ ਲਾਈਟਾਂ ਖ਼ਰਾਬ, ਸ਼ਾਮ ਹੁੰਦੇ ਹੀ ਪਸਰ ਜਾਂਦਾ ਹਨੇਰਾ
ਸ਼ਹਿਰ ਦੇ ਚੌਕਾਂ ਤੇ ਗਲੀਆਂ ’ਚ ਸਟ੍ਰੀਟ ਲਾਈਟਾਂ ਖ਼ਰਾਬ, ਸ਼ਾਮ ਹੁੰਦੇ ਹੀ ਪਸਰ ਜਾਂਦਾ ਹੈ ਹਨੇਰਾ
Publish Date: Mon, 20 Apr 2026 06:11 PM (IST)
Updated Date: Mon, 20 Apr 2026 06:15 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਚਾਲੀ ਮੁਕਤਿਆਂ ਦੀ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਇਨੀਂ ਦਿਨੀਂ ਰਾਤ ਦੇ ਸਮੇਂ ਹਨੇਰੇ ਦੀ ਲਪੇਟ ਵਿੱਚ ਹੈ। ਸ਼ਹਿਰ ਦੇ ਕਈ ਮੁੱਖ ਮਾਰਗਾਂ ਅਤੇ ਗਲੀਆਂ ਵਿੱਚ ਸਟ੍ਰੀਟ ਲਾਈਟਾਂ ਸਿਰਫ਼ ਸਜਾਵਟ ਦਾ ਸਾਮਾਨ (ਸ਼ੋਅ ਪੀਸ) ਬਣ ਕੇ ਰਹਿ ਗਈਆਂ ਹਨ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਖੇਤਰਾਂ ਅਤੇ ਮੁੱਖ ਚੌਕਾਂ ਤੇ ਲੱਗੀਆਂ ਲਾਈਟਾਂ ਲੰਬੇ ਸਮੇਂ ਤੋਂ ਖ਼ਰਾਬ ਪਈਆਂ ਹਨ। ਸ਼ਾਮ ਹੁੰਦੇ ਹੀ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ। ਹਾਲਤ ਇਹ ਹੈ ਕਿ ਵਾਹਨ ਚਾਲਕਾਂ ਤੋਂ ਇਲਾਵਾ ਪੈਦਲ ਚੱਲਣ ਵਾਲਿਆਂ ਨੂੰ ਆਪਣੇ ਮੋਬਾਈਲ ਦੀ ਟਾਰਚ ਜਗਾ ਕੇ ਰਸਤਾ ਤੈਅ ਕਰਨਾ ਪੈ ਰਿਹਾ ਹੈ। ਹਨੇਰੇ ਦਾ ਫ਼ਾਇਦਾ ਉਠਾ ਕੇ ਸਮਾਜ ਵਿਰੋਧੀ ਅਨਸਰਾਂ ਦੀ ਸਰਗਰਮੀ ਵਧਣ ਦਾ ਡਰ ਵੀ ਬਣਿਆ ਹੋਇਆ ਹੈ, ਜਿਸ ਕਾਰਨ ਸ਼ਹਿਰ ਵਾਸੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ, ਸ਼ਹਿਰ ਵਾਸੀ ਕਰਮਜੀਤ ਕਰਮਾ ਨੇ ਕਿਹਾ ਕਿ ਜੇਕਰ ਜਲਦੀ ਲਾਈਟਾਂ ਠੀਕ ਨਾ ਕੀਤੀਆਂ ਗਈਆਂ ਤਾਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਧਰਨਾ ਦਿੱਤਾ ਜਾਵੇਗਾ। ਇੱਥੇ ਸਟ੍ਰੀਟ ਲਾਈਟਾਂ ਖ਼ਰਾਬ ਸ਼ਹਿਰ ਦੀ ਜੋਧੂ ਕਲੋਨੀ ਗਲੀ ਨੰਬਰ ਛੇ, ਕੋਟਕਪੂਰਾ ਰੋਡ ਤੇ ਊਸ਼ਾ ਗੁਪਤਾ ਹਸਪਤਾਲ ਦੇ ਸਾਹਮਣੇ ਤਿੰਨੋਂ ਗਲੀਆਂ ਵਿੱਚ ਪਿਛਲੇ 10 ਦਿਨਾਂ ਤੋਂ, ਤਿਲਕ ਨਗਰ, ਨਾਮਦੇਵ ਨਗਰ, ਓਵਰਬ੍ਰਿਜ ਜਲਾਲਾਬਾਦ ਰੋਡ ਸਮੇਤ ਕਈ ਹਿੱਸਿਆਂ ਵਿੱਚ ਲਾਈਟਾਂ ਬੰਦ ਹੋਣ ਕਾਰਨ ਸਿਰਫ਼ ਸ਼ੋਅ ਪੀਸ ਬਣੀਆਂ ਹੋਈਆਂ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਸਟ੍ਰੀਟ ਲਾਈਟਾਂ ਨਹੀਂ ਜਗਾਈਆਂ ਜਾ ਰਹੀਆਂ। ਸੜਕਾਂ ਤੇ ਗਲੀਆਂ ਵਿੱਚ ਹਨੇਰਾ ਹੋਣ ਕਾਰਨ ਆਵਾਰਾ ਪਸ਼ੂਆਂ ਨਾਲ ਟਕਰਾ ਕੇ ਆਏ ਦਿਨ ਦੋਪਹੀਆ ਵਾਹਨ ਚਾਲਕ ਜ਼ਖ਼ਮੀ ਹੋ ਰਹੇ ਹਨ। ਖ਼ਾਸ ਕਰਕੇ ਬਜ਼ੁਰਗਾਂ ਅਤੇ ਔਰਤਾਂ ਲਈ ਰਾਤ ਦੇ ਸਮੇਂ ਘਰੋਂ ਬਾਹਰ ਨਿਕਲਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ। ਵਪਾਰ ਤੇ ਵੀ ਪੈ ਰਿਹਾ ਅਸਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਾਮ ਹੁੰਦੇ ਹੀ ਸ਼ਹਿਰ ਵਿੱਚ ਹਨੇਰਾ ਛਾ ਜਾਂਦਾ ਹੈ। ਹਨੇਰੇ ਕਾਰਨ ਵਪਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ, ਕਿਉਂਕਿ ਗਾਹਕ ਰਾਤ ਦੇ ਸਮੇਂ ਬਾਜ਼ਾਰ ਆਉਣ ਤੋਂ ਕਤਰਾਉਂਦੇ ਹਨ। ਸ਼ਹਿਰ ਵਿੱਚ ਨਸ਼ੇੜੀ ਅਤੇ ਸਮਾਜ ਵਿਰੋਧੀ ਅਨਸਰ ਹਨੇਰੇ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਸਮੱਸਿਆ ਦੇ ਹੱਲ ਲਈ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਹੈ : ਐਕਸੀਅਨ ਬੀ.ਐਂਡ.ਆਰ ਵਿਭਾਗ ਦੇ ਐਕਸੀਅਨ ਅੰਕਿਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਓਵਰਬ੍ਰਿਜ ਦੀਆਂ ਲਾਈਟਾਂ ਠੀਕ ਕਰਵਾਉਣ ਲਈ ਸਬੰਧਤ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਲਾਈਟਾਂ ਠੀਕ ਕਰਵਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਵੀ ਭਰੋਸਾ ਦੇ ਰਹੇ ਹਨ।