ਸ਼ਹਿਰ ਦੇ ਚੌਕਾਂ ਤੇ ਗਲੀਆਂ ’ਚ ਸਟ੍ਰੀਟ ਲਾਈਟਾਂ ਖ਼ਰਾਬ
ਸ਼ਹਿਰ ਦੇ ਚੌਕਾਂ ਤੇ ਗਲੀਆਂ ’ਚ ਸਟ੍ਰੀਟ ਲਾਈਟਾਂ ਖ਼ਰਾਬ
Publish Date: Tue, 21 Apr 2026 03:36 PM (IST)
Updated Date: Tue, 21 Apr 2026 03:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਚਾਲੀ ਮੁਕਤਿਆਂ ਦੀ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਇਨੀਂ ਦਿਨੀਂ ਰਾਤ ਦੇ ਸਮੇਂ ਹਨੇਰੇ ਦੀ ਲਪੇਟ ’ਚ ਹੈ। ਸ਼ਹਿਰ ਦੇ ਕਈ ਮੁੱਖ ਮਾਰਗਾਂ ਤੇ ਗਲੀਆਂ ’ਚ ਸਟ੍ਰੀਟ ਲਾਈਟਾਂ ਸਿਰਫ਼ ਸ਼ੋਅ ਪੀਸ ਬਣ ਕੇ ਰਹਿ ਗਈਆਂ ਹਨ ਜਿਸ ਕਾਰਨ ਸਥਾਨਕ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਭੀੜ ਵਾਲੇ ਖੇਤਰਾਂ ਤੇ ਮੁੱਖ ਚੌਕਾਂ ਤੇ ਲੱਗੀਆਂ ਲਾਈਟਾਂ ਲੰਬੇ ਸਮੇਂ ਤੋਂ ਖ਼ਰਾਬ ਪਈਆਂ ਹਨ। ਸ਼ਾਮ ਹੁੰਦੇ ਹੀ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਹਨੇਰੇ ’ਚ ਡੁੱਬ ਜਾਂਦੀਆਂ ਹਨ। ਹਾਲਾਤ ਇਹ ਹਨ ਕਿ ਵਾਹਨ ਚਾਲਕਾਂ ਤੋਂ ਇਲਾਵਾ ਪੈਦਲ ਚੱਲਣ ਵਾਲਿਆਂ ਨੂੰ ਆਪਣੇ ਮੋਬਾਈਲ ਦੀ ਟਾਰਚ ਜਗਾ ਕੇ ਰਸਤਾ ਤੈਅ ਕਰਨਾ ਪੈ ਰਿਹਾ ਹੈ। ਹਨੇਰੇ ਦਾ ਫ਼ਾਇਦਾ ਉਠਾ ਕੇ ਸਮਾਜ ਵਿਰੋਧੀ ਅਨਸਰਾਂ ਦੀ ਸਰਗਰਮੀ ਵਧਣ ਦਾ ਡਰ ਵੀ ਬਣਿਆ ਹੋਇਆ ਹੈ ਜਿਸ ਕਾਰਨ ਸ਼ਹਿਰ ਵਾਸੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਸ਼ਹਿਰ ਵਾਸੀ ਕਰਮਜੀਤ ਕਰਮਾ ਨੇ ਕਿਹਾ ਕਿ ਜੇਕਰ ਜਲਦੀ ਲਾਈਟਾਂ ਠੀਕ ਨਾ ਕੀਤੀਆਂ ਗਈਆਂ ਤਾਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਧਰਨਾ ਦਿੱਤਾ ਜਾਵੇਗਾ। ਕਈ ਥਾਵਾਂ ਤੇ 10 ਦਿਨਾਂ ਤੋਂ ਖਰਾਬ ਲਾਈਟਾਂ ਸ਼ਹਿਰ ਦੀ ਜੋਧੂ ਕਲੋਨੀ ਗਲੀ ਨੰਬਰ 6, ਕੋਟਕਪੂਰਾ ਰੋਡ ਤੇ ਊਸ਼ਾ ਗੁਪਤਾ ਹਸਪਤਾਲ ਦੇ ਸਾਹਮਣੇ ਤਿੰਨੋਂ ਗਲੀਆਂ ’ਚ ਪਿਛਲੇ 10 ਦਿਨਾਂ ਤੋਂ, ਤਿਲਕ ਨਗਰ, ਨਾਮਦੇਵ ਨਗਰ, ਓਵਰਬ੍ਰਿਜ ਜਲਾਲਾਬਾਦ ਰੋਡ ਸਮੇਤ ਕਈ ਹਿੱਸਿਆਂ ’ਚ ਲਾਈਟਾਂ ਬੰਦ ਹੋਣ ਕਾਰਨ ਸਿਰਫ਼ ਸ਼ੋਅ ਪੀਸ ਬਣੀਆਂ ਹੋਈਆਂ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਸਟ੍ਰੀਟ ਲਾਈਟਾਂ ਨਹੀਂ ਜਗਾਈਆਂ ਜਾ ਰਹੀਆਂ। ਸੜਕਾਂ ਤੇ ਗਲੀਆਂ ’ਚ ਹਨੇਰਾ ਹੋਣ ਕਾਰਨ ਆਵਾਰਾ ਪਸ਼ੂਆਂ ਨਾਲ ਟਕਰਾ ਕੇ ਆਏ ਦਿਨ ਦੋਪਹੀਆ ਵਾਹਨ ਚਾਲਕ ਜ਼ਖ਼ਮੀ ਹੋ ਰਹੇ ਹਨ। ਖ਼ਾਸ ਕਰਕੇ ਬਜ਼ੁਰਗਾਂ ਤੇ ਔਰਤਾਂ ਲਈ ਰਾਤ ਦੇ ਸਮੇਂ ਘਰੋਂ ਬਾਹਰ ਨਿਕਲਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ ਵਪਾਰ ਤੇ ਪੈ ਰਿਹਾ ਅਸਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਾਮ ਹੁੰਦੇ ਹੀ ਸ਼ਹਿਰ ’ਚ ਹਨੇਰਾ ਛਾ ਜਾਂਦਾ ਹੈ। ਹਨੇਰੇ ਕਾਰਨ ਵਪਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਗਾਹਕ ਰਾਤ ਦੇ ਸਮੇਂ ਬਾਜ਼ਾਰ ਆਉਣ ਤੋਂ ਕਤਰਾਉਂਦੇ ਹਨ। ਸ਼ਹਿਰ ’ਚ ਨਸ਼ੇੜੀ ਤੇ ਸਮਾਜ ਵਿਰੋਧੀ ਅਨਸਰ ਹਨੇਰੇ ’ਚ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਸਮੱਸਿਆ ਦੇ ਹੱਲ ਲਈ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਹੈ ਬੀਐਂਡਆਰ ਵਿਭਾਗ ਦੇ ਐਕਸੀਅਨ ਅੰਕਿਤ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਤੇ ਓਵਰਬ੍ਰਿਜ ਦੀਆਂ ਲਾਈਟਾਂ ਠੀਕ ਕਰਵਾਉਣ ਲਈ ਸਬੰਧਿਤ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਸ਼ਹਿਰ ਦੇ ਹੋਰ ਹਿੱਸਿਆਂ ’ਚ ਲਾਈਟਾਂ ਠੀਕ ਕਰਵਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਵੀ ਭਰੋਸਾ ਦੇ ਰਹੇ ਹਨ।