ਸਰਕਾਰੀ ਜਾਇਦਾਦਾਂ ਵੇਚਣੀਆਂ ਬੰਦ ਕੀਤੀਆਂ ਜਾਣ : ਮੱਲਣ
ਸਰਕਾਰੀ ਜਾਇਦਾਦਾਂ ਵੇਚਣੀਆਂ ਬੰਦ ਕੀਤੀਆਂ ਜਾਣ : ਮੱਲਣ
Publish Date: Mon, 16 Feb 2026 05:20 PM (IST)
Updated Date: Mon, 16 Feb 2026 05:24 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਮੱਲਣ, ਸਕੱਤਰ ਅਮਰਜੀਤ ਪਾਲ ਸ਼ਰਮਾ ਤੇ ਪ੍ਰੈੱਸ ਸਕੱਤਰ ਵਿਜੈ ਕੁਮਾਰ ਸੋਈ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਵਾਲੀਆ ਹੋ ਚੁੱਕੀ ਹੈ। ਸਰਕਾਰ ਵੱਲੋਂ ਆਪਣੇ ਘਰ ਭਰਨ ਲਈ ਕਰਜਾ ਦਰ ਕਰਜਾ ਚੁੱਕਿਆ ਜਾ ਰਿਹਾ ਹੈ। ਹੁਣ ਕਿਸੇ ਪਾਸੇ ਹੱਥ ਨਾ ਅੜਨ ਕਾਰਨ ਸਰਕਾਰੀ ਜਮੀਨਾਂ ’ਤੇ ਅੱਖ ਰੱਖੀ ਹੋਈ ਹੈ, ਇਸੇ ਤਹਿਤ ਹੀ ਪਾਵਰਕਾਮ ਦੀ ਪਟਿਆਲਾ ਦੀ 50 ਏਕੜ ਜਮੀਨ ਪੁੱਡਾ ਨੂੰ ਤਬਦੀਲ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਪਾਵਰਕਾਮ ਨੂੰ ਦਾਨ ਕੀਤੀਆਂ ਤੇ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਖਰੀਦੀਆਂ ਜਾਇਦਾਦਾਂ ਕਦੇ ਵੀ ਕਾਰਪੋਰੇਟ ਘਰਾਣਿਆਂ ਨੂੰ ਕਦਾਚਿਤ ਕੌਡੀਆਂ ਦੇ ਭਾਅ ਲੁਟਾਉਣ ਨਹੀਂ ਦਿੱਤੀਆਂ ਜਾਣਗੀਆਂ। ਆਗੂਆਂ ਸ਼ਿਵਦੀਪ ਸਿੰਘ ਬਰਾੜ, ਬੂਟਾ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਭਜਨ ਸਿੰਘ ਨੇ ਪ੍ਰੈੱਸ ਬਿਆਨ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਨੂੰ ਫੁੱਟੀ ਕੌਡੀ ਨਹੀਂ ਦਿੱਤੀ ਜਾ ਰਹੀ ਸਗੋਂ ਪੰਜਾਬ ਦਾ ਖਜਾਨਾ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਜਾਇਦਾਦਾਂ ਵੇਚਣੀਆਂ ਬੰਦ ਕੀਤੀਆਂ ਜਾਣ, ਨਿੱਜੀਕਰਨ ਦੀਆਂ ਨੀਤੀਆਂ ਬੰਦ ਕੀਤੀਆਂ ਜਾਣ, ਪੱਕੀ ਭਰਤੀ ਚਾਲੂ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, 16% ਡੀਏ ਸਮੇਤ ਏਰੀਅਰ ਤੁਰੰਤ ਦਿੱਤਾ ਜਾਵੇ, 2,59 ਦਾ ਫਾਰਮੂਲਾ ਸਾਰਿਆਂ ’ਤੇ ਲਾਗੂ ਕੀਤਾ ਜਾਵੇ, 200 ਰੁਪਏ ਜਜੀਆ ਟੈਕਸ ਬੰਦ ਕੀਤਾ ਜਾਵੇ। ਅਖੀਰ ’ਚ ਆਗੂਆਂ ਨੇ ਕਿਹਾ ਹੈ ਕਿ ਸਰਕਾਰੀ ਜਮੀਨ ਵੇਚਣ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ, 17,02,26 ਸੀਐਮਡੀ ਦੀਆਂ ਸਬ ਡਵੀਜ਼ਨ, ਡਵੀਜ਼ਨ ਪੱਧਰ ’ਤੇ ਅਰਥੀਆ ਸਾੜੀਆਂ ਜਾਣਗੀਆਂ ਤੇ 28 ਫਰਵਰੀ ਨੂੰ ਈਸੜੂ ਹਾਲ ’ਚ ਹੋ ਰਹੀ ਸਮੂਹ ਜਥੇਬੰਦੀਆਂ ਦੇ ਫੈਸਲੇ ਦੀ ਰੋਸ਼ਨੀ ’ਚ ਸੰਘਰਸ਼ ਨੂੰ ਤਿੱਖਾ ਤੇ ਵਿਸ਼ਾਲ ਕੀਤਾ ਜਾਵੇਗਾ।