ਮਾਘੀ ਮੇਲੇ ਦੇ ਮੱਦੇਨਜ਼ਰ ਜ਼ਿਲ੍ਹੇ ਭਰ ’ਚ ਸਪੈਸ਼ਲ ਨਾਕਾਬੰਦੀ ਤੇ ਚੈਕਿੰਗ
ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੇਲਾ ਮਾਘੀ ਦੇ ਮੱਦੇਨਜ਼ਰ ਜ਼ਿਲ੍ਹੇ ਭਰ ’ਚ ਸਪੈਸ਼ਲ ਨਾਕਾਬੰਦੀ ਤੇ ਸਖ਼ਤ ਚੈਕਿੰਗ
Publish Date: Tue, 06 Jan 2026 04:16 PM (IST)
Updated Date: Tue, 06 Jan 2026 04:17 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪਹਿਲਾਂ ਤੋਂ ਹੀ ਮਜ਼ਬੂਤ ਅਤੇ ਪੁਖ਼ਤਾ ਸੁਰਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਵੀ ਲੋਕਾਂ ਨੇ ਵੇਖਿਆ ਹੈ ਕਿ ਪੂਰੇ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਅਧਾਰ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਅਤੇ ਖ਼ਾਸ ਕਰਕੇ ਮੇਲਾ ਮਾਘੀ ਦੇ ਮੱਦੇਨਜ਼ਰ ਅੱਜ ਪੂਰੇ ਜ਼ਿਲ੍ਹੇ ’ਚ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਸਿਲਸਿਲੇ ’ਚ ਉਹ ਖੁਦ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਜਾ ਕੇ ਨਾਕਿਆਂ ਦਾ ਮੁਆਇਨਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਕਾਬੰਦੀ ਸਹੀ ਢੰਗ ਨਾਲ ਲਗਾਈ ਗਈ ਹੈ ਅਤੇ ਚੈਕਿੰਗ ਪ੍ਰਭਾਵਸ਼ਾਲੀ ਤਰੀਕੇ ਨਾਲ ਹੋ ਰਹੀ ਹੈ। ਇਸ ਦੌਰਾਨ ਕੋਟਕਪੂਰਾ ਚੌਂਕ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਖ਼ਤੀ ਨਾਲ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਐਸਐਸਪੀ ਨੇ ਕਿਹਾ ਕਿ ਨਾਕਾਬੰਦੀ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਾੜਾ ਅਨਸਰ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰ ਸਕੇ ਅਤੇ ਆਉਣ ਵਾਲੇ ਦਿਨਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਘਟਨਾ ਨੂੰ ਰੋਕਿਆ ਜਾ ਸਕੇ। ਨਾਕਿਆਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਕਾਨੂੰਨ ਅਨੁਸਾਰ ਚਲਾਨ ਕੀਤੇ ਜਾ ਰਹੇ ਹਨ ਅਤੇ ਜਰੂਰਤ ਪੈਣ ’ਤੇ ਵਹੀਕਲ ਇੰਪਾਊਂਡ ਵੀ ਕੀਤੇ ਜਾ ਰਹੇ ਹਨ। ਇਸਤੋਂ ਇਲਾਵਾ ਗਲਤ ਨੰਬਰ ਪਲੇਟਾਂ, ਗੈਰ-ਕਾਨੂੰਨੀ ਸੋਧਾਂ, ਟ੍ਰਿਪਲ ਰਾਈਡਿੰਗ ਅਤੇ ਬਿਨਾਂ ਵਜ੍ਹਾ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਦੀ ਵੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮਾਨਯੋਗ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਅਤੇ 26 ਜਨਵਰੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਨਾਕਾਬੰਦੀ ਅਤੇ ਪੈਟਰੋਲਿੰਗ ਰੂਟੀਨ ਅਧਾਰ ’ਤੇ ਜਾਰੀ ਰਹੇਗੀ। ਐਸਐਸਪੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਸੰਗਤ ਦੀ ਆਵਾਜਾਈ ਅਤੇ ਭੀੜ ਵੱਧਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਫੋਰਸ ਦੀ ਵੱਧ ਤੋਂ ਵੱਧ ਤਾਇਨਾਤੀ ਕੀਤੀ ਜਾ ਰਹੀ ਹੈ ਤਾਂ ਜੋ ਸੜਕਾਂ ’ਤੇ ਪੁਲਿਸ ਦੀ ਪੂਰੀ ਵਿਜ਼ੀਬਿਲਟੀ ਬਣੀ ਰਹੇ ਅਤੇ ਕਿਸੇ ਵੀ ਮਾੜੀ ਨੀਅਤ ਵਾਲੇ ਵਿਅਕਤੀ ਨੂੰ ਗਲਤ ਕੰਮ ਕਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸਦੇ ਨਾਲ ਹੀ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇਗੀ। ਤਕਰੀਬਨ 5000 ਦੇ ਕਰੀਬ ਬਾਹਰਲੀ ਫੋਰਸ ਨੂੰ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ, ਪੈਟਰੋਲਿੰਗ ਅਤੇ ਸੁਰੱਖਿਆ ਡਿਊਟੀਆਂ ਲਈ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਮੇਲਾ ਮਾਘੀ ਨੂੰ ਬਿਲਕੁਲ ਇਨਸੀਡੈਂਟ ਫਰੀ ਢੰਗ ਨਾਲ ਸੰਪੰਨ ਕਰਵਾਇਆ ਜਾਵੇਗਾ। ਟ੍ਰੈਫਿਕ ਵਿੰਗ ਅਤੇ ਜ਼ਿਲ੍ਹਾ ਪੁਲਿਸ ਫੋਰਸ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਤੇ ਵੀ ਟ੍ਰੈਫਿਕ ਸੰਬੰਧੀ ਕੋਈ ਸਮੱਸਿਆ ਪੈਦਾ ਨਾ ਹੋਵੇ। ਇਸ ਸਬੰਧ ’ਚ ਆਮ ਲੋਕਾਂ ਦੇ ਸਹਿਯੋਗ ਦੀ ਵੀ ਅਪੀਲ ਕੀਤੀ ਗਈ ਹੈ ਕਿ ਉਹ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਐਸਐਸਪੀ ਵੱਲੋਂ ਨਾਕਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਖੁਦ ਮੌਕੇ ’ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਸ਼ੱਕੀ ਵਹੀਕਲਾਂ ਦੀ ਨਿੱਜੀ ਤੌਰ ’ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਵਹੀਕਲਾਂ ਦੇ ਦਸਤਾਵੇਜ਼ ਅਧੂਰੇ ਜਾਂ ਗਲਤ ਪਾਏ ਗਏ, ਉਨ੍ਹਾਂ ਦੇ ਕਾਨੂੰਨ ਅਨੁਸਾਰ ਚਲਾਨ ਕੀਤੇ ਗਏ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਕਮਲ ਕੌਰ ਐਸਪੀ (ਹੈੱਡਕੁਆਰਟਰ), ਬਚਨ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ), ਇੰਸਪੈਕਟਰ ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਤਸਵੀਰ : 06ਐਮਕੇਟੀ1 ਨਾਕਾਬੰਦੀ ਦੌਰਾਨ ਚੈਕਿੰਗ ਕਰਨ ਸਮੇਂ ਐਸਐਸਪੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ।