- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਕਿੱਲਿਆਂਵਾਲੀ ਦੀ ਅਚਨਚੇਤ ਚੈਕਿੰਗ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਦੀਆਂ ਹਦਾਇਤਾਂ ਅਨੁਸਾਰ ਅਭਿਮੰਨਿਊ ਰਾਣਾ, ਆਈਪੀਐਸ, ਐੱਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ’ਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੁਲਿਸ ਨਾਲ ਲੋਕਾਂ ਦਾ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਥਾਣਾ ਕਿੱਲਿਆਂਵਾਲੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਐਸਐਸਪੀ ਵੱਲੋਂ ਚੈਕਿੰਗ ਦੌਰਾਨ ਥਾਣੇ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਮਾਲਖਾਨਾ, ਅਸਲਾ ਰਿਕਾਰਡ, ਡਾਕ ਰਜਿਸਟਰ, ਰੋਜ਼ਨਾਮਚਾ, ਮੈੱਸ ਪ੍ਰਬੰਧ, ਸੀਸੀਟੀਵੀ ਕੈਮਰੇ, ਥਾਣਾ ਬਿਲਡਿੰਗ ਅਤੇ ਹੋਰ ਸਹੂਲਤਾਂ ਦੀ ਵਿਸਥਾਰ ਨਾਲ ਜਾਂਚ ਕੀਤੀ। ਉਨ੍ਹਾਂ ਖਾਸ ਤੌਰ ’ਤੇ ਇਹ ਯਕੀਨੀ ਬਣਾਇਆ ਕਿ ਥਾਣੇ ’ਚ ਰੱਖਿਆ ਗਿਆ ਅਸਲਾ ਅਤੇ ਰਿਕਾਰਡ ਪੂਰੀ ਤਰ੍ਹਾਂ ਅਪਡੇਟ ਹੋਵੇ ਅਤੇ ਹਰ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੋਵੇ। ਇਸਤੋਂ ਇਲਾਵਾ ਥਾਣੇ ਦੀ ਸਫਾਈ, ਅਨੁਸ਼ਾਸਨ ਅਤੇ ਪ੍ਰਬੰਧਾਂ ਨੂੰ ਹੋਰ ਸੁਧਾਰਨ ਲਈ ਵੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਚੈਕਿੰਗ ਦੌਰਾਨ ਐਸਐਸਪੀ ਨੇ ਥਾਣੇ ਦੇ ਵੇਟਿੰਗ ਰੂਮ ਦਾ ਵੀ ਜਾਇਜ਼ਾ ਲਿਆ ਅਤੇ ਇਹ ਯਕੀਨੀ ਬਣਾਇਆ ਕਿ ਥਾਣੇ ’ਚ ਆਉਣ ਵਾਲੇ ਹਰ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਥਾਣੇ ’ਚ ਆਉਣ ਵਾਲੇ ਹਰ ਵਿਅਕਤੀ ਨਾਲ ਸਨਮਾਨਪੂਰਵਕ ਵਿਵਹਾਰ ਕੀਤਾ ਜਾਵੇ। ਇਸ ਮੌਕੇ ਐਸਐਸਪੀ ਅਭਿਮੰਨਿਊ ਰਾਣਾ ਵੱਲੋਂ ਥਾਣੇ ’ਚ ਆਪਣੀਆਂ ਦਰਖਾਸਤਾਂ ਜਾਂ ਸ਼ਿਕਾਇਤਾਂ ਲੈ ਕੇ ਆਏ ਹੋਏ ਆਮ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਿਆ ਅਤੇ ਨਿਪਟਾਰਾ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਹੁਕਮ ਜਾਰੀ ਕੀਤੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਹਰ ਨਾਗਰਿਕ ਦੀ ਸੁਣਵਾਈ ਸਮੇਂ ਸਿਰ ਅਤੇ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ। ਐਸਐਸਪੀ ਵੱਲੋਂ ਥਾਣੇ ਦੇ ਸਮੂਹ ਸਟਾਫ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਗਏ। ਉਨ੍ਹਾਂ ਮੁਲਾਜ਼ਮਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਡਿਊਟੀ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੀ ਤੁਰੰਤ ਸੁਣਵਾਈ ਯਕੀਨੀ ਬਣਾਈ ਜਾਵੇ ਅਤੇ ਤਫ਼ਤੀਸ਼ ਅਧੀਨ ਮਾਮਲਿਆਂ ਨੂੰ ਤਰਜੀਹ ਦੇ ਕੇ ਜਲਦੀ ਨਿਪਟਾਇਆ ਜਾਵੇ, ਹਰ ਨਾਗਰਿਕ ਨਾਲ ਨਰਮ ਅਤੇ ਸਨਮਾਨਪੂਰਵਕ ਵਿਵਹਾਰ ਕੀਤਾ ਜਾਵੇ। ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਖ਼ਤ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਗਏ ਹਨ ਅਤੇ ਨਾਕਾਬੰਦੀ, ਗਸ਼ਤ ਅਤੇ ਅਚਨਚੇਤ ਚੈਕਿੰਗ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ’ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਇਸ ਮੌਕੇ ਹਰਕਮਲ ਕੌਰ ਐਸਪੀ (ਐਚ), ਹਰਬੰਸ ਸਿੰਘ ਡੀਐਸਪੀ (ਲੰਬੀ), ਐਸਆਈ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਕਿਲਿਆਂਵਾਲੀ, ਐਸਆਈ ਹਰਪ੍ਰੀਤ ਕੌਰ ਮੁੱਖ ਅਫਸਰ ਥਾਣਾ ਕਬਰਵਾਲਾ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ। ਅਭਿਮੰਨਿਊ ਰਾਣਾ, ਆਈਪੀਐਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਚੱਲ ਰਹੀ ਮੁਹਿੰਮ ’ਚ ਪੁਲਿਸ ਦਾ ਸਹਿਯੋਗ ਕਰਨ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਹੈਲਪਲਾਈਨ ਨੰਬਰ 80549-42100 ’ਤੇ ਵਟਸਐਪ ਜਾਂ ਫੋਨ ਰਾਹੀਂ ਸੂਚਨਾ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।