ਲੋਕਾਂ ਦੀ ਸੁਰੱਖਿਆ ਲਈ ਕਾਰਗਰ ਸਾਬਤ ਹੋ ਰਹੀ ਹੈ ਐੱਸਐੱਸਐੱਫ
ਲੋਕਾਂ ਦੀ ਸੁਰੱਖਿਆ ਲਈ ਕਾਰਗਰ ਸਾਬਤ ਹੋ ਰਹੀ ਹੈ ਐਸਐਸਐਫ ਟੀਮ
Publish Date: Sun, 15 Feb 2026 04:12 PM (IST)
Updated Date: Sun, 15 Feb 2026 04:15 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸੜਕਾਂ ’ਤੇ ਬੜੀ ਮੁਸਤੈਦੀ ਨਾਲ ਚੱਲ ਰਹੀਆਂ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਦੀ ਹਰ ਪਾਸੋਂ ਪ੍ਰਸ਼ੰਸਾ ਹੋ ਰਹੀ ਹੈ। ਇਹ ਗੱਡੀਆਂ 112 ਨੰਬਰ ’ਤੇ ਕਾਲ ਕਰਨ ’ਤੇ 10 ਮਿੰਟ ਤੋਂ ਪਹਿਲਾਂ ਸੇਵਾ ’ਚ ਪਹੁੰਚ ਜਾਂਦੀਆਂ ਹਨ। ਕਿਤੇ ਵੀ ਕੋਈ ਟ੍ਰੈਫਿਕ ’ਚ ਵਿਘਨ ਪੈਂਦਾ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾ ਦਿੰਦੇ ਹਨ। ਕਈ ਵਾਰੀ ਰਸਤੇ ’ਚ ਜਾਂਦੇ ਵਾਹਨ ਹਨੇਰੇ ’ਚ ਪਲਟ ਜਾਂਦੇ ਹਨ ਅਤੇ ਕਈ ਵਾਰ ਨਹਿਰਾਂ ’ਚ ਡਿੱਗ ਪੈਂਦੇ ਹਨ ਤਾਂ ਸੜਕ ਸੁਰੱਖਿਆ ਫੋਰਸ ਦੇ ਜਵਾਨ ਤੁਰੰਤ ਪਹੁੰਚ ਕੇ ਸਾਰੀ ਸਥਿਤੀ ਨੂੰ ਸੰਭਾਲ ਲੈਂਦੇ ਹਨ। ਜਵਾਨਾਂ ਦੇ ਨਾਲ ਲੇਡੀ ਕਾਂਸਟੇਬਲ ਵੀ ਹੁੰਦੀਆਂ ਹਨ ਤਾਂ ਕਿ ਔਰਤਾਂ ਨੂੰ ਵੀ ਸੰਭਾਲਿਆ ਜਾ ਸਕੇ। ਪੰਨੀਵਾਲਾ ਫੱਤਾ ਵਿਖੇ ਆਈ ਐਸਐਸਐਫ ਦੀ ਗੱਡੀ ਦੇ ਇੰਚਾਰਜ ਜਸਬੀਰ ਸਿੰਘ ਏਐਸਆਈ, ਸੰਦੀਪ ਕੁਮਾਰ ਐਚਸੀ, ਨਵਜੋਤ ਕੌਰ ਐਚਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ’ਚ ਹਾਜ਼ਰ ਰਹਿੰਦੇ ਹਾਂ ਅਤੇ ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਅਸੀਂ ਜਿੰਨੀ ਜਲਦੀ ਹੋ ਸਕੇ ਪਹੁੰਚ ਜਾਂਦੇ ਹਾਂ ਕਿਉਂਕਿ ਫੋਰਸ ਹਮੇਸ਼ਾ ਹੀ ਤਿਆਰ ਖੜੀ ਹੁੰਦੀ ਹੈ। ਹਾਦਸੇ ਦਾ ਪਤਾ ਲਗਦਿਆਂ ਹੀ ਘਟਨਾ ਸਥਾਨ ’ਤੇ ਪਹੁੰਚ ਜਾਂਦੀ ਟੀਮ ਇਸ ਬਾਬਤ ਪਿੰਡ ਆਲਮ ਵਾਲਾ ਕਿਸਾਨ ਯੂਨੀਅਨ ਦੇ ਆਗੂ ਲੱਖਣਪਾਲ ਸ਼ਰਮਾ ਨੇ ਦੱਸਿਆ ਕਿ ਸਾਡੇ ਪਿੰਡ ਨਹਿਰ ’ਚ ਕਾਰ ਡਿੱਗ ਪਈ ਸੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੁਰੰਤ ਪਹੁੰਚ ਕੇ ਕਾਰ ਵਿੱਚੋਂ ਮਾਂ ਤੇ ਬੱਚੇ ਨੂੰ ਕੱਢਿਆ ਪਰ ਮਾੜੇ ਭਾਗਾਂ ਨਾਲ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਕਾਰ ਦਾ ਡਰਾਈਵਰ ਜੋ ਔਰਤ ਦੇ ਘਰ ਵਾਲਾ ਸੀ ਉਹ ਬਚ ਗਿਆ ਅਤੇ ਉਸਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਅਤੇ ਉਸ ਤੇ ਪਰਚਾ ਵੀ ਹੋ ਗਿਆ ਹੈ। ਐਸਐਸਐਫ ਦੇ ਜਵਾਨ ਜਸਬੀਰ ਸਿੰਘ ਏਐਸਆਈ ਅਤੇ ਬਾਕੀ ਫੋਰਸ ਨੇ ਆਪਣੀ ਪੂਰੀ ਵਾਹ ਲਾਈ ਉਨ੍ਹਾਂ ਇਹ ਵੀ ਦੱਸਿਆ ਕਿ ਕਈ ਰੂਟ ਤਾਂ ਛੋਟੇ ਹਨ ਪਰ ਕਈ ਰੂਟ ਵੱਡੇ ਹਨ ਜਿੱਥੇ ਫੋਰਸ ਦੇ ਜਵਾਨਾਂ ਦਾ ਛੇਤੀ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੱਡੀਆਂ ਹੋਰ ਵਧਾਈਆਂ ਜਾਣ। ਐੱਸਐੱਸਐੱਫ ਕਾਰਨ ਲੁੱਟਾਂ–ਖੋਹਾਂ ’ਤੇ ਲੱਗੀ ਰੋਕ ਪਿੰਡ ਮਿੱਡਾ ਦੇ ਸਰਪੰਚ ਸਰਵਣ ਸਿੰਘ ਨੇ ਕਿਹਾ ਕਿ ਐਸਐਸਐਫ ਦਾ ਤਾਂ ਬਹੁਤ ਹੀ ਜਿਆਦਾ ਫਾਇਦਾ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਜੇ ਕੋਈ ਲੁੱਟ ਖੋਹ ਵਾਲਾ ਕਿਸੇ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫੋਨ ਕਰਨ ਤੇ ਤੁਰੰਤ ਐਸਐਸਐਫ ਦੇ ਜਵਾਨ ਪਹੁੰਚ ਜਾਂਦੇ ਹਨ ਜਿਸ ਨਾਲ ਲੁੱਟ ਖੋਹ ਤੋਂ ਵੀ ਬਚਤ ਹੋ ਜਾਂਦੀ ਹੈ। ਉਨ੍ਹਾਂ ਮਾਸਟਰ ਬੂਟਾ ਸਿੰਘ ਚਿਮਣੇ ਵਾਲਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੇ ਬੱਚਿਆਂ ਕੋਲੋਂ ਆਸਟਰੇਲੀਆ ਤੋਂ ਆ ਰਹੇ ਸਨ ਅਤੇ ਹਰਿਆਣੇ ਰੋਹਤਕ ਕੋਲ ਇਕ ਗੱਡੀ ਸਵਾਰ ਉਨ੍ਹਾਂ ਨੂੰ ਲੁੱਟਣ ਪੈ ਗਏ ਪਰ ਉਨ੍ਹਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਜਾਣ ਬਚਾਈ। ਉਨ੍ਹਾਂ ਦੱਸਿਆ ਕਿ ਮਾਸਟਰ ਬੂਟਾ ਸਿੰਘ ਦੇ ਕਹਿਣ ਮੁਤਾਬਕ ਜੇ ਅਸੀਂ ਪੰਜਾਬ ’ਚ ਹੁੰਦੇ ਤਾਂ ਐਸਐਸਐਫ ਨੂੰ ਫੋਨ ਕਰਨ ਤੇ ਉਨ੍ਹਾਂ ਤੁਰੰਤ ਹੀ ਪਹੁੰਚ ਜਾਣਾ ਸੀ ਅਤੇ ਸਾਡਾ ਨੁਕਸਾਨ ਹੋਣੋ ਬਚ ਜਾਂਦਾ। ਗੱਡੀਆਂ ਵਧਾਈਆਂ ਜਾਣ ਜਗਵਿੰਦਰ ਸਿੰਘ ਰਾਜੂ ਜਟਾਣਾ ਨੇ ਕਿਹਾ ਕਿ ਅਸੀਂ ਪਿੰਡ ਵਿਰਕ ਖੇੜਾ ਦੇ ਨੇੜੇ ਕੁਝ ਸਮਾਂ ਪਹਿਲਾਂ ਕੈਂਟਰ ਪਲਟਣ ਕਾਰਨ ਸਵਾਰੀਆਂ ਦੇ ਜਖਮੀ ਹੋਣ ਦੀ ਸੂਚਨਾ ਐਸਐਸਐਫ ਨੂੰ ਦਿੱਤੀ ਤਾਂ ਜਵਾਨਾਂ ਨੇ ਤੁਰੰਤ ਹੀ ਜਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਵਾਰੀਆਂ ਕਿਸੇ ਧਾਰਮਿਕ ਸਥਾਨ ’ਤੇ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਗੱਡੀਆਂ ਹੋਰ ਵਧਾਈਆਂ ਜਾਣ ਅਤੇ ਇਨ੍ਹਾਂ ਦਾ ਏਰੀਆ ਘਟਾਇਆ ਜਾਵੇ ਤਾਂ ਕਿ ਪੰਜਾਬ ਨੂੰ ਸੁਰੱਖਿਅਤ ਕੀਤਾ ਜਾਵੇ। ਗੱਡੀਆਂ ਵਧਾਈਆਂ ਜਾਣਗੀਆਂ ਤੇ ਲਿੰਕ ਸੜਕਾਂ ’ਤੇ ਵੀ ਚਲਾਇਆ ਜਾਵੇਗਾ : ਖੁੱਡੀਆਂ ਜਦ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਾਂ ਹੀ ਯੋਜਨਾ ਹੈ ਕਿ ਗੱਡੀਆਂ ਨੂੰ ਹੋਰ ਵਧਾਇਆ ਜਾਵੇਗਾ ਅਤੇ ਗੱਡੀਆਂ ਨੂੰ ਲਿੰਕ ਸੜਕਾਂ ’ਤੇ ਵੀ ਚਲਾਇਆ ਜਾਵੇਗਾ।