ਸ਼੍ਰੀ ਦੁਰਗਾ ਅਸ਼ਟਮੀ ਸ਼ਹਿਰ ’ਚ ਬਹੁਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਈ
ਸ਼੍ਰੀ ਦੁਰਗਾ ਅਸ਼ਟਮੀ ਸ਼ਹਿਰ ’ਚ ਬਹੁਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਈ
Publish Date: Thu, 26 Mar 2026 04:53 PM (IST)
Updated Date: Fri, 27 Mar 2026 04:02 AM (IST)

-ਨਵਰਾਤਰੀ ਦੀ ਸ਼ੁਰੂਆਤ ਤੋਂ ਹੀ ਮੰਦਰਾਂ ’ਚ ਸ਼੍ਰੀ ਰਾਮਾਇਣ ਦੇ ਪਾਠ ਹੋਏ ਸਮਾਪਤ -ਸ਼੍ਰੀ ਰਾਮਾਇਣ ਦਾ ਪਾਠ ਕਰਨ ਵਾਲੇ ਸ਼ਰਧਾਲੂਆਂ ਨੂੰ ਕੀਤਾ ਸਨਮਾਨਿਤ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਵੀਰਵਾਰ ਨੂੰ ਸ਼ਹਿਰ ’ਚ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸੂਰਜ ਚੜ੍ਹਨ ਤੋਂ ਪਹਿਲਾਂ ਹੀ, ਸਵੇਰੇ 4 ਵਜੇ ਤੋਂ, ਕੁੜੀਆਂ ਕੰਜਕ ਪੂਜਨ ਲਈ ਗਲੀਆਂ ਅਤੇ ਮੁਹੱਲਿਆਂ ਵਿੱਚ ਆਉਂਦੀਆਂ-ਜਾਂਦੀਆਂ ਦਿਖਾਈ ਦਿੱਤੀਆਂ ਅਤੇ ਸ਼ਰਧਾਲੂਆਂ ਨੇ ਸਵੇਰੇ ਜਲਦੀ ਕੰਜਕ ਪੂਜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਹ ਪ੍ਰਕਿਰਿਆ ਦੇਰ ਦੁਪਹਿਰ ਤਕ ਜਾਰੀ ਰਹੀ। ਜਿੱਥੇ ਸ਼ਰਧਾਲੂਆਂ ਨੇ ਆਪਣੇ ਘਰਾਂ ’ਚ ਕੰਨਿਆਂ ਦੀ ਪੂਜਾ ਕਰਕੇ ਆਪਣਾ ਵਰਤ ਤੋੜਿਆ, ਉੱਥੇ ਹੀ ਨਵਰਾਤਰੀ ਦੀ ਸ਼ੁਰੂਆਤ ਦੇ ਨਾਲ ਕੀਤੇ ਜਾ ਰਹੇ ਸ਼੍ਰੀ ਰਾਮਾਇਣ ਪਾਠ ਵੀ ਕਈ ਮੰਦਰਾਂ ’ਚ ਸਮਾਪਤ ਹੋਏ। ਇਸ ਮੌਕੇ ਸ਼੍ਰੀ ਰਾਮਾਇਣ ਦਾ ਪਾਠ ਕਰਨ ਵਾਲੀਆਂ ਔਰਤਾਂ ਅਤੇ ਕੁੜੀਆਂ ਦਾ ਸਨਮਾਨ ਕੀਤਾ ਗਿਆ ਅਤੇ ਕੰਜਕ ਪੂਜਨ ਵੀ ਕੀਤਾ ਗਿਆ। ਕੰਜਕ ਪੂਜਨ ਤੋਂ ਬਾਅਦ ਸ਼ਰਧਾਲੂਆਂ ਨੇ ਮਾਂ ਦੇਵੀ ਦੇ ਰੂਪ ’ਚ ਛੋਟੀਆਂ ਕੁੜੀਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੂੰ ਤੋਹਫ਼ੇ ਵੀ ਭੇਟ ਕੀਤੇ ਗਏ। ਸ਼ਹਿਰ ਦਾ ਮਾਹੌਲ ਮਾਂ ਦੇਵੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਦੱਸਣਯੋਗ ਹੈ ਕਿ ਨਵਰਾਤਰੀ ਦੀ ਸ਼ੁਰੂਆਤ ਤੋਂ ਹੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਸ਼੍ਰੀ ਰਾਮਾਇਣ ਅਤੇ ਸ਼੍ਰੀ ਦੁਰਗਾ ਸਤੂਤੀ ਪਾਠ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਟਿੱਬੀ ਸਾਹਿਬ ਰੋਡ ’ਤੇ ਸਥਿਤ ਸ਼੍ਰੀ ਰਾਮ ਭਵਨ, ਸ਼੍ਰੀ ਸ਼ਿਆਮ ਮੰਦਰ, ਪੁਰਾਣੀ ਦਾਣਾ ਮੰਡੀ ਦੇ ਨੇੜੇ ਸਥਿਤ ਸ਼੍ਰੀ ਰਘੂਨਾਥ ਮੰਦਰ, ਅਬੋਹਰ ਰੋਡ ’ਤੇ ਸਥਿਤ ਸ਼੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ, ਬੈਂਕ ਰੋਡ ’ਤੇ ਸਥਿਤ ਮਹਾਦੇਵ ਮੰਦਰ, ਬੈਂਕ ਰੋਡ ਤੇ ਸਥਿਤ ਸ਼੍ਰੀ ਦੁਰਗਾ ਮੰਦਰ ਗੀਤਾ ਭਵਨ, ਰੇਲਵੇ ਰੋਡ ਤੇ ਸਥਿਤ ਸ਼ਕਤੀ ਮੰਦਰ ਸ਼੍ਰੀ ਮੰਨਣ ਧਾਮ, ਕੋਟਕਪੁਰਾ ਰੋਡ ਤੇ ਸਥਿਤ ਬਾਬਾ ਕਾਂਸ਼ੀ ਪ੍ਰਸਾਦ ਸ਼ਿਵ ਮੰਦਰ ਸ਼ਾਮਲ ਹਨ। ਇਨ੍ਹਾਂ ਵਿੱਚੋਂ, ਸ਼੍ਰੀ ਰਾਮ ਭਵਨ, ਸ਼੍ਰੀ ਸ਼ਿਆਮ ਮੰਦਰ, ਸ਼੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿੱਚ ਕਰਵਾਏ ਜਾ ਰਹੇ ਪਾਠ ਵੀਰਵਾਰ ਨੂੰ ਸਮਾਪਤ ਹੋ ਗਏ। ਦੂਜੇ ਪਾਸੇ, ਸ਼ਕਤੀ ਮੰਦਰ ਸ਼੍ਰੀ ਮੰਨਣ ਧਾਮ ਵਿੱਚ ਸ਼੍ਰੀ ਦੁਰਗਾ ਸਤੂਤੀ ਪਾਠ ਕਰਵਾਏ ਜਾ ਰਹੇ ਹਨ। 27 ਮਾਰਚ ਨੂੰ ਮੰਦਰ ਵਿੱਚ ਸ਼ਾਮ ਸੱਤ ਵਜੇ ਮਾਂ ਪਰਿਵਾਰ ਵੱਲੋਂ ਵੀ ਸ਼੍ਰੀ ਦੁਰਗਾ ਸਤੂਤੀ ਪਾਠ ਕਰਵਾਏ ਜਾਣਗੇ। ਸ਼੍ਰੀ ਸ਼ਿਆਮ ਮੰਦਿਰ ਵਿਖੇ ਸ਼੍ਰੀ ਰਾਮਾਇਣ ਪਾਠ ਦੀ ਸਮਾਪਤੀ ਦੇ ਮੌਕੇ ’ਤੇ, ਮੰਦਰ ਕਮੇਟੀ ਨੇ ਰਾਮਾਇਣ ਦਾ ਪਾਠ ਕਰਨ ਵਾਲੇ ਸ਼ਰਧਾਲੂਆਂ ਨੂੰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਮੰਦਰ ਕਮੇਟੀ ਦੇ ਸਰਪ੍ਰਸਤ ਸੁਸ਼ੀਲ ਕੁਮਾਰ ਹੈਪੀ ਗਰਗ, ਚੇਅਰਮੈਨ ਜੀਵਨ ਸ਼ਰਮਾ, ਰਾਜਕੁਮਾਰ ਰਾਜੂ, ਰਾਜਿੰਦਰ ਖੁਰਾਨਾ, ਰਵੀ ਖੁਰਾਣਾ, ਸਾਗਰ ਸਰੌਣ ਆਦਿ ਨੇ ਸਾਂਝੇ ਤੌਰ ਤੇ ਰਾਮਾਇਣ ਦਾ ਪਾਠ ਕਰਨ ਵਾਲੇ ਸ਼ਰਧਾਲੂਆਂ ਨੂੰ ਇਨਾਮ ਦਿੱਤੇ। ਇਸ ਮੌਕੇ ਤੇ ਬ੍ਰਿਜ ਲਤਾ ਸ਼ਰਮਾ, ਮੰਦਰ ਦੇ ਪੁਜਾਰੀ ਪੰਡਿਤ ਗਿਰਧਾਰੀ ਲਾਲ, ਸੀਨੀਅਰ ਉਪ ਪ੍ਰਧਾਨ ਰਾਜ ਖੁਰਾਣਾ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।