ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮਾਰਗ ’ਤੇ ਦੋ ਮਹੀਨਿਆਂ ਤੋਂ ਸੀਵਰੇਜ ਜਾਮ
ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਮਾਰਗ ’ਤੇ ਦੋ ਮਹੀਨਿਆਂ ਤੋਂ ਸੀਵਰੇਜ ਜਾਮ
Publish Date: Thu, 11 Jun 2026 06:23 PM (IST)
Updated Date: Fri, 12 Jun 2026 04:09 AM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਤਿਹਾਸਕ ਨਗਰੀ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਚੌਕ ਨੇੜੇ ਨਾਕਾ ਨੰਬਰ ਤਿੰਨ ’ਤੇ ਸੀਵਰੇਜ ਜਾਮ ਹੋਣ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਇਹ ਮਾਰਗ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਪ੍ਰਵੇਸ਼ ਦੁਆਰ (ਰਸਤਾ) ਹੈ, ਪਰ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਗੰਦਾ ਪਾਣੀ ਜਮ੍ਹਾਂ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਗੁਰਦੁਆਰਾ ਸਾਹਿਬ ਵਿਖੇ ਸਥਾਨਕ ਅਤੇ ਹੋਰਨਾਂ ਸ਼ਹਿਰਾਂ ’ਚੋਂ ਰੋਜ਼ਾਨਾ ਸੈਂਕੜੇ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਲੰਗਰ ਹਾਲ, ਦੀਵਾਨ ਹਾਲ, ਸਰਾਂ ਅਤੇ ਪਾਰਕਿੰਗ ਤੱਕ ਪਹੁੰਚਣ ਲਈ ਇਹੀ ਮੁੱਖ ਰਸਤਾ ਹੈ। ਸੀਵਰੇਜ ਦੇ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗ ਰਹੀ ਹੈ। ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਮੈਨੇਜਰ ਵੀ ਰੋਜ਼ਾਨਾ ਇਸੇ ਗੰਦਗੀ ਭਰੇ ਰਸਤੇ ਤੋਂ ਲੰਘਣ ਲਈ ਮਜਬੂਰ ਹਨ। ਸ਼ਰਧਾਲੂਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਸੀਵਰੇਜ ਲਾਈਨ ਸਾਫ਼ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰੂ ਘਰ ਦੇ ਰਸਤੇ ’ਚ ਅਜਿਹੀ ਗੰਦਗੀ ਹੋਣਾ ਆਸਥਾ ਦਾ ਅਪਮਾਨ ਹੈ। -ਦੁਕਾਨਦਾਰਾਂ ਦਾ ਕਾਰੋਬਾਰ ਠੱਪ, ਸ਼ਿਕਾਇਤਾਂ ਦਾ ਕੋਈ ਅਸਰ ਨਹੀਂ- ਸਥਾਨਕ ਦੁਕਾਨਦਾਰ ਸੋਨੂੰ ਗਰਗ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਹਾਲਾਤ ਬਹੁਤ ਖ਼ਰਾਬ ਹਨ। ਗੰਦਗੀ ਅਤੇ ਭਿਆਨਕ ਬਦਬੂ ਕਾਰਨ ਗਾਹਕ ਦੁਕਾਨਾਂ ਤੱਕ ਨਹੀਂ ਪਹੁੰਚ ਪਾ ਰਹੇ, ਜਿਸ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਫੋਟੋਆਂ ਭੇਜ ਕੇ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਦੁਕਾਨਦਾਰ ਰਾਜਨ ਨੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂ ਗੱਡੀਆਂ ਖੜ੍ਹੀਆਂ ਕਰਨ ਅਤੇ ਸਰਾਂ ਵਿੱਚ ਠਹਿਰਨ ਲਈ ਇਸੇ ਗਲੀ ਦੀ ਵਰਤੋਂ ਕਰਦੇ ਹਨ। ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੀਵਰੇਜ ਬੋਰਡ ਦੇ ਅਧਿਕਾਰੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਰਹੇ। ਸਥਾਨਕ ਨਿਵਾਸੀ ਵਿੱਕੀ ਕੁਮਾਰ ਨੇ ਕਿਹਾ ਕਿ ਨਾਕਾ ਨੰਬਰ ਤਿੰਨ ਗੁਰਦੁਆਰਾ ਸਾਹਿਬ ਦਾ ਪ੍ਰਮੁੱਖ ਰਸਤਾ ਹੋਣ ਕਰਕੇ ਰੋਜ਼ਾਨਾ ਲੰਘਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। -ਗੁਰਦੁਆਰਾ ਪ੍ਰਬੰਧਕਾਂ ਵੱਲੋਂ ਲਿਖਤੀ ਸ਼ਿਕਾਇਤ- ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸੀਵਰੇਜ ਬੋਰਡ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਸਮੱਸਿਆ ਜਸ ਦੀ ਤਸ ਬਣੀ ਹੋਈ ਹੈ। ਸ਼ਰਧਾਲੂਆਂ ਨੂੰ ਹੋ ਰਹੀ ਭਾਰੀ ਦਿੱਕਤ ਕਾਰਨ ਪ੍ਰਬੰਧਕ ਕਮੇਟੀ ਵੀ ਬੇਹੱਦ ਚਿੰਤਤ ਹੈ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਇਸ ਦਾ ਤੁਰੰਤ ਸਮਾਧਾਨ ਕੀਤਾ ਜਾਵੇ। -ਅਧਿਕਾਰੀ ਦਾ ਦਾਅਵਾ- ਜਦੋਂ ਇਸ ਸਬੰਧੀ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਅਧਿਕਾਰੀ ਕੇਵਲ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਰਵਾਇਤੀ ਭਰੋਸਾ ਦਿੰਦਿਆਂ ਆਖਿਆ ਕਿ ਇਸ ਸਮੱਸਿਆ ਨੂੰ ਜਲਦੀ ਹੀ ਹੱਲ ਕਰਵਾ ਦਿੱਤਾ ਜਾਵੇਗਾ।