ਮਲੋਟ ’ਚ ਯੁਵਾ ਆਪਦਾ ਮਿੱਤਰ ਪ੍ਰੋਗਰਾਮ ਤਹਿਤ ਸੱਤ ਦਿਨਾ ਟ੍ਰੇਨਿੰਗ ਸ਼ੁਰੂ
ਮਲੋਟ ’ਚ ਯੁਵਾ ਆਪਦਾ ਮਿੱਤਰ ਪ੍ਰੋਗਰਾਮ ਅਧੀਨ ਵਲੰਟੀਅਰਾਂ ਦੀ ਸੱਤ ਦਿਨਾਂ ਟ੍ਰੇਨਿੰਗ ਸ਼ੁਰੂ
Publish Date: Wed, 28 Jan 2026 06:29 PM (IST)
Updated Date: Wed, 28 Jan 2026 06:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਵਿਖੇ 28 ਜਨਵਰੀ 2026 ਤੋਂ ਲੁਧਿਆਣਾ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਵਲੰਟੀਅਰਾਂ ਲਈ ਯੁਵਾ ਆਪਦਾ ਮਿੱਤਰ ਪ੍ਰੋਗਰਾਮ ਅਧੀਨ ਸੱਤ ਦਿਨਾਂ ਦੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ 19 ਪੰਜਾਬ ਬਟਾਲੀਅਨ ਐਨਸੀਸੀ ਲੁਧਿਆਣਾ ਅਕੈਡਮੀ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਵੱਲੋ ਵਲੰਟੀਅਰਾਂ ਨੂੰ ਆਪਦਾ ਪ੍ਰਬੰਧਨ ਸਬੰਧੀ ਟ੍ਰੇਨਿੰਗ ਪ੍ਰਦਾਨ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਦੇ ਪਹਿਲੇ ਦਿਨ ਕੁੱਲ 520 ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਲੈਫਟੀਨੈਂਟ ਕਰਨਲ ਫੈਜ਼ਾਨ ਜਹੂਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਵਲੰਟੀਅਰਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਮੈਗਸੀਪਾ ਵੱਲੋਂ ਪਹੁੰਚੀ ਇੰਸਟਰਕਟਰ ਟੀਮ ਸਮੇਤ ਸਾਰੇ ਵਲੰਟੀਅਰਾਂ ਦਾ ਸਵਾਗਤ ਕੀਤਾ। ਲੈਫਟੀਨੈਂਟ ਕਰਨਲ ਫੈਜ਼ਾਨ ਜਹੂਰ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਇਸ ਸੱਤ ਦਿਨਾਂ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਵਲੰਟੀਅਰਾਂ ਨੂੰ ਵੱਖ-ਵੱਖ ਕਿਸਮ ਦੀਆਂ ਆਪਦਾਵਾਂ ਨਾਲ ਨਜਿੱਠਣ ਲਈ ਪ੍ਰਯੋਗਿਕ ਅਤੇ ਸਿਧਾਂਤਕ ਤਾਲੀਮ ਦਿੱਤੀ ਜਾਵੇਗੀ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਉਹ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ। ਇਸ ਮੌਕੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵੱਲੋਂ ਵਲੰਟੀਅਰਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਦੇ ਮੁੱਢਲੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਦੌਰਾਨ ਮੈਗਸੀਪਾ ਟੀਮ ਵੱਲੋਂ ਪ੍ਰੀਤੀ ਦੇਵੀ, ਸਨਮ, ਕਸ਼ਿਸ਼, ਸਚਿਨ, ਆਯੂਸ਼, ਮੁਸਕਾਨ, ਅੰਜ਼ਲੀ, ਯੋਗੇਸ਼ ਅਤੇ ਪ੍ਰੀਆਨਸ਼ੂ ਵੀ ਮੌਜੂਦ ਸਨ।