ਸਮਾਜ ਸੇਵਾ ਦਾ ਕੰਮ ਹੁਣ ਵਪਾਰ ਬਣ ਗਿਆ : ਗੁਰਦਾਸ ਗਿਰਧਰ
ਬਜ਼ੁਰਗ ਆਗੂ ਨੇ ਰਾਜਨੀਤੀ ’ਚ ਆਈ ਗਿਰਾਵਟ ’ਤੇ ਕੀਤੀ ਚਿੰਤਾ ਪ੍ਰਗਟ
Publish Date: Sun, 11 Jan 2026 03:48 PM (IST)
Updated Date: Sun, 11 Jan 2026 03:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਦੇਸ਼ ਸਕੱਤਰ ਗੁਰਦਾਸ ਗਿਰਧਰ ਨੇ ਰਾਜਨੀਤੀ ’ਚ ਆਈ ਗਿਰਾਵਟ ’ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਰਾਜਨੀਤੀ ਜਿਹੜਾ ਸੱਚਾਸੁੱਚਾ ਤੇ ਸਮਾਜ ਸੇਵਾ ਦਾ ਕੰਮ ਸੀ ਹੁਣ ਪੈਸੇ ਦੀ ਖੇਡ ਬਣ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਰਗੀਆਂ ਸਕੀਮਾਂ ਨੂੰ ਬਦਲਨ ’ਤੇ ਦੁੱਖ ਪ੍ਰਗਟ ਕੀਤਾ। ਦੇਸ਼ ਭਗਤ ਪਰਿਵਾਰ ਨਾਲ ਸਬੰਧਿਤ ਗੁਰਦਾਸ ਗਿਰਧਰ ਨੇ ਕਿਹਾ ਕਿ ਅਗਲਾ ਸਾਲ ਚੋਣਾਂ ਦਾ ਹੈ। ਇਸ ਲਈ ਪੰਜਾਬ ਵਾਸੀਆਂ ਲਈ ਸੋਚਣ ਦਾ ਸਮਾਂ ਹੈ। ਇਸ ਲਈ ਲੋੜ ਹੈ ਕਿ ਨਸ਼ਾ ਤਸਕਰਾਂ, ਰੇਤ ਮਾਫੀਆ ਅਤੇ ਗੈਂਗਸਟਰਵਾਦ ਨਾਲ ਜੁੜੇ ਆਗੂ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਤੋਂ ਕਿਨਾਰਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਸੇਵਾ ਦਾ ਕਾਰਜ ਰਾਜਨੀਤੀ ਕੁਝ ਵਿਅਕਤੀਆਂ ਨੇ ਵਪਾਰ ਬਣਾ ਲਿਆ ਹੈ। ਇਸ ਕਰਕੇ ਲੋਕਾਂ ਨੂੰ ਬੈਠ ਕਿ ਇਸ ਗੱਲ ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ ਕਿ ਅਜਿਹੇ ਮਾੜੇ ਆਗੂ ਫਿਰ ਸਾਡੀ ਅਗਵਾਈ ਕਰਨ ਅੱਗੇ ਨਾ ਆ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਇਸ ਵਕਤ ਚੰਗੀ ਨਹੀਂ ਇਸ ਲਈ ਸੂਬੇ ਦੀ ਵਾਗਡੋਰ ਦੇਣ ਲੱਗਿਆ ਸਾਨੂੰ ਪਾਰਟੀਆਂ ਨਾਲੋਂ ਆਗੂਆਂ ਦੇ ਕਿਰਦਾਰ ਵੱਲ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸਸ਼ੁਰੂ ਕੀਤੀ ਮਜਦੂਰਾਂ ਦੀ ਰੁਜਗਾਰ ਸਕੀਮ ਜਿਸ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਮ ਨਾਲ ਜੋੜਿਆ ਸੀ। ਅੱਜ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਨਾਮ ਅਤੇ ਕੰਮ ਬਦਲ ਕਿ ਮਜਦੂਰਾਂ ਤੋਂ ਰੁਜਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਪਹਿਲਾਂ ਹੀ ਆਰਥਿਕ ਤੌਰ ਤੇ ਤੰਗ ਰਾਜਾਂ ਉਪਰ ਹੋਰ ਬੋਝ ਪਾਉਣ ਦਾ ਫੈਸਲਾ ਹੈ। ਗੁਰਦਾਸ ਗਿਰਧਰ ਨੇ ਕਿਹਾ ਕਿ ਪੰਜਾਬ ਵਾਸੀਆਂ ਵੱਲੋਂ ਅਜਿਹੇ ਲੋਕਾਂ ਦਾ ਸਾਥ ਦੇਣਾ ਹੈ ਜਿਹੜੇ ਪੰਜਾਬ ਅਤੇ ਲੋਕ ਹਿਤੇਸ਼ੀ ਹੋਣ।