ਮੰਡੀ ਬਰੀਵਾਲਾ ਤੋਂ ਸੀਨੀਅਰ ਪੱਤਰਕਾਰ ਵਿਕਾਸ ਭਾਰਦਵਾਜ ਨਹੀਂ ਰਹੇ
‘ਪੰਜਾਬੀ ਜਾਗਰਣ’ ਦੇ ਮੰਡੀ ਬਰੀਵਾਲਾ ਤੋਂ ਸੀਨੀਅਰ ਪੱਤਰਕਾਰ ਵਿਕਾਸ ਭਾਰਦਵਾਜ ਨਹੀਂ ਰਹੇ
Publish Date: Wed, 11 Feb 2026 04:57 PM (IST)
Updated Date: Wed, 11 Feb 2026 04:59 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੰਡੀ ਬਰੀਵਾਲਾ ਤੋਂ ਆਦਾਰਾ ‘ਪੰਜਾਬੀ ਜਾਗਰਣ’ ’ਚ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਹੇ ਸੀਨੀਅਰ ਪੱਤਰਕਾਰ ਵਿਕਾਸ ਭਾਰਦਵਾਜ ਪੁੱਤਰ ਸਹਿਦੇਵ ਸ਼ਰਮਾ ਵਾਸੀ ਮੰਡੀ ਬਰੀਵਾਲਾ ਨਹੀਂ ਰਹੇ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੇ ਸਨ ਤੇ ਮੰਗਲਵਾਰ ਰਾਤ ਕਰੀਬ 10 ਵਜੇ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਉਹ ਬੜੇ ਹੀ ਨੇਕ ਦਿਲ ਤੇ ਮਿਲਣਸਾਰ ਵਿਅਕਤੀ ਸਨ। ਉਨ੍ਹਾਂ ਦੇ ਭਰ ਜਵਾਨੀ ’ਚ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਦਾਰਾ ‘ਪੰਜਾਬੀ ਜਾਗਰਣ’, ‘ਦੈਨਿਕ ਜਾਗਰਣ’ ਦੀ ਸਮੁੱਚੀ ਟੀਮ ਸਮੇਤ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੇ ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੰਡੀ ਬਰੀਵਾਲਾ ਵਿਖੇ ਬਾਬਾ ਮੋਢਾ ਜੀ ਦੀ ਸਮਾਧ ਨੇੜੇ ਸਥਿਤ ਸਮਸ਼ਾਨ ਘਾਟ ਵਿਖੇ ਦੁਪਹਿਰ ਕਰੀਬ 2:30 ਵਜੇ ਹੋਇਆ ਜਿੱਥੇ ਸਾਬਕਾ ਵਿਧਾਇਕ ਬੀਬੀ ਕਰਨ ਕੌਰ ਬਰਾੜ, ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਤੋਂ ਵਕੀਲ ਸਾਹਿਬਾਨ, ਸਾਕ ਸਬੰਧੀਆਂ ਅਤੇ ਵੱਖ ਵੱਖ ਧਾਰਮਿਕ, ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ। ਸ੍ਰੀ ਵਿਕਾਸ ਭਾਰਦਵਾਜ ਦੇ ਫੁੱਲਾਂ ਦੀ ਰਸ਼ਮ ਮਿਤੀ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ ਕਰੀਬ 10:30 ਵਜੇ ਹੋਵੇਗੀ।