ਮੁਕਤਸਰ ਪੁਲਿਸ ਨੂੰ ਮਿਲੀਆਂ 14 ਹਾਈਟੈਕ ਈਆਰਵੀ ਗੱਡੀਆਂ
112 ਸੇਵਾ ਨਾਲ ਸੁਰੱਖਿਆ ਹੋਈ ਹੋਰ ਤੇਜ਼, ਮੁਕਤਸਰ ਪੁਲਿਸ ਨੂੰ ਮਿਲੀਆਂ 14 ਹਾਈਟੈਕ ਈਆਰਵੀ ਗੱਡੀਆਂ
Publish Date: Thu, 02 Apr 2026 03:56 PM (IST)
Updated Date: Fri, 03 Apr 2026 04:02 AM (IST)

-ਹੁਣ ਸਿਰਫ 10-12 ਮਿੰਟ ’ਚ ਪੁਲਿਸ ਤੁਹਾਡੇ ਕੋਲ, “ਡਾਇਲ 112, ਤੁਰੰਤ ਮਦਦ” ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ “ਡਾਇਲ-112” ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ‘ਤੇ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਆਈਪੀਐਸ ਵੱਲੋਂ ਸੂਬੇ ’ਚ 508 ਨਵੀਆਂ 112 ਈਆਰਵੀ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਕੜੀ ’ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ 14 ਨਵੀਆਂ ਹਾਈਟੈਕ ਈਆਰਵੀ ਗੱਡੀਆਂ ਪ੍ਰਾਪਤ ਹੋਈਆਂ ਹਨ, ਜਿਸ ਨਾਲ ਜ਼ਿਲ੍ਹੇ ਦੀ ਪੁਲਿਸਿੰਗ ਸਮਰੱਥਾ ’ਚ ਵੱਡਾ ਵਾਧਾ ਹੋਇਆ ਹੈ। ਐਸਐਸਪੀ ਅਭਿਮੰਨਿਊ ਰਾਣਾ ਆਈਪੀਐੱਸ ਨੇ ਦੱਸਿਆ ਕਿ ਪਹਿਲਾਂ ਜ਼ਿਲ੍ਹੇ ’ਚ 112 ਐਮਰਜੰਸੀ ਰਿਸਪਾਂਸ ਵਹੀਕਲ ਦੇ 04 ਵਾਹਨ ਕੰਮ ਕਰ ਰਹੇ ਸਨ, ਜਦਕਿ ਹੁਣ ਕੁੱਲ ਗਿਣਤੀ 18 ਹੋ ਗਈ ਹੈ। ਇਸ ਵਾਧੇ ਨਾਲ ਹਰ ਇਲਾਕੇ ’ਚ ਗਸ਼ਤ ਵਧੇਗੀ। ਇਹ ਵਾਹਨ ਸ਼ਹਿਰੀ ਇਲਾਕਿਆਂ ਤੋਂ ਲੈ ਕੇ ਦੂਰ-ਦਰਾਜ ਪਿੰਡਾਂ ਤੱਕ ਹਰ ਥਾਂ ਸੁਰੱਖਿਆ ਦੀ ਨਵੀਂ ਲਾਈਨ ਤਿਆਰ ਕਰਨਗੇ। ਇਸ ਨਾਲ 112 ਤੇ ਸ਼ਿਕਾਇਤ ਕਰਨ ਵਾਲੇ ਹਰ ਨਾਗਰਿਕ ਤੁਰੰਤ ਰਿਸਪੋਂਸ ਮਿਲੇਗਾ। ਰਿਸਪਾਂਸ ਟਾਈਮ ’ਚ ਵੱਡਾ ਸੁਧਾਰ : ਹੁਣ ਮਿੰਟਾਂ ’ਚ ਮਦਦ ਨਵੀਆਂ 112 ਈਆਰਵੀ ਗੱਡੀਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹੁਣ ਪੁਲਿਸ ਦਾ ਰਿਸਪਾਂਸ ਟਾਈਮ ਘੱਟ ਕੇ ਲਗਭਗ 10-12 ਮਿੰਟ ਰਹਿ ਗਿਆ ਹੈ। ਇਹ ਗੱਡੀਆਂ ਇਸ ਤਰ੍ਹਾਂ ਸਟ੍ਰੈਟਜਿਕ ਤੌਰ ’ਤੇ ਤਾਇਨਾਤ ਕੀਤੀਆਂ ਗਈਆਂ ਹਨ ਕਿ ਹਰ ਕਾਲ ’ਤੇ ਸਭ ਤੋਂ ਨੇੜਲੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਸਕੇ। ਕੰਟਰੋਲ ਰੂਮ ’ਚ ਕਾਲ ਆਉਂਦੇ ਹੀ ਕੰਟਰੋਲ ਰੂਮ ਮੁਲਾਜ਼ਮਾਂ ਵੱਲੋਂ ਨੇੜਲੇ ਈਆਰਵੀ ਵਾਹਨ ਨੂੰ ਲੋਕੇਟ ਕਰਦਾ ਹੈ ਅਤੇ ਤੁਰੰਤ ਡਿਊਟੀ ’ਤੇ ਲਗਾ ਦਿੰਦਾ ਹੈ। ਜੀਪੀਐਸ ਟੈਕਨੋਲੋਜੀ ਦੀ ਮਦਦ ਨਾਲ ਵਾਹਨਾਂ ਦੀ ਲਾਈਵ ਟ੍ਰੈਕਿੰਗ ਕੀਤੀ ਜਾਂਦੀ ਹੈ, ਜਿਸ ਨਾਲ ਕੋਈ ਵੀ ਦੇਰੀ ਨਹੀਂ ਹੁੰਦੀ। ਇਸ ਪ੍ਰਣਾਲੀ ਨਾਲ ਐਮਰਜੈਂਸੀ ਸਥਿਤੀਆਂ ਜਿਵੇਂ ਕਿ ਹਾਦਸੇ, ਲੜਾਈ-ਝਗੜੇ, ਚੋਰੀ ਜਾਂ ਹੋਰ ਗੰਭੀਰ ਘਟਨਾਵਾਂ ’ਚ ਤੁਰੰਤ ਕਾਰਵਾਈ ਸੰਭਵ ਬਣੀ ਹੈ। ਇਸਦੇ ਨਾਲ ਨਾਲ ਇਹ ਗੱਡੀਆਂ 24 ਘੰਟੇ ਗਸ਼ਤ ਕਰਨਗੀਆਂ, ਜਿਸ ਨਾਲ ਪਹਿਲਾਂ ਹੀ ਸੰਵੇਦਨਸ਼ੀਲ ਇਲਾਕਿਆਂ ’ਚ ਨਿਗਰਾਨੀ ਬਣੀ ਰਹੇਗੀ। ਇਹ ਪ੍ਰਣਾਲੀ ਪਿੰਡਾਂ ਅਤੇ ਸ਼ਹਿਰਾਂ ਦੋਹਾਂ ’ਚ ਬਰਾਬਰ ਤੌਰ ’ਤੇ ਲਾਗੂ ਹੈ, ਜਿਸ ਨਾਲ ਹਰ ਨਾਗਰਿਕ ਨੂੰ ਇਕਸਾਰ ਸੁਰੱਖਿਆ ਮਿਲਦੀ ਹੈ। ਆਧੁਨਿਕ ਤਕਨਾਲੋਜੀ ਨਾਲ ਲੈਸ ਵਾਹਨ ਇਹ ਈਆਰਵੀ ਗੱਡੀਆਂ ਨਵੀਨਤਮ ਤਕਨੀਕ ਨਾਲ ਲੈਸ ਹਨ, ਜਿਨ੍ਹਾਂ ’ਚ ਜੀਪੀਐਸ ਸਿਸਟਮ, ਵਾਇਰਲੈਸ ਕਮਿਊਨੀਕੇਸ਼ਨ ਅਤੇ ਲਾਈਵ ਟ੍ਰੈਕਿੰਗ ਦੀ ਸੁਵਿਧਾ ਹੈ। ਇਹ ਸਾਰੀਆਂ ਗੱਡੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਕੰਟਰੋਲ ਰੂਮ ਨਾਲ ਸਿੱਧੀ ਜੁੜੀਆਂ ਹੋਈਆਂ ਹਨ, ਜਿਸ ਨਾਲ ਹਰੇਕ ਮੂਵਮੈਂਟ ’ਤੇ ਨਿਗਰਾਨੀ ਰੱਖੀ ਜਾਂਦੀ ਹੈ। ਇਨ੍ਹਾਂ ’ਚ ਉੱਚ ਦਰਜੇ ਦੀਆਂ ਲਾਈਟਾਂ ਅਤੇ ਸਾਇਰਨ ਲੱਗੇ ਹੋਏ ਹਨ। ਇਹ ਗੱਡੀਆਂ ਇੱਕ ਮਿਨੀ ਕੰਟਰੋਲ ਰੂਮ ਵਾਂਗ ਕੰਮ ਕਰਨਗੀਆਂ, ਜਿੱਥੇ ਮੌਕੇ ’ਤੇ ਹੀ ਫੈਸਲੇ ਲੈ ਕੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ। ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਐੱਸਐੱਸਪੀ ਵੱਲੋਂ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ, ਐਸਐਚਓਜ਼ ਅਤੇ ਚੌਂਕੀ ਇੰਚਾਰਜਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 112 ’ਤੇ ਆਉਣ ਵਾਲੀ ਹਰ ਸ਼ਿਕਾਇਤ ਨੂੰ ਪ੍ਰਾਥਮਿਕਤਾ ਦੇ ਅਧਾਰ ’ਤੇ ਨਿਪਟਾਇਆ ਜਾਵੇ। ਅਪਰਾਧਾਂ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਇਨ੍ਹਾਂ ਈਆਰਵੀ ਗੱਡੀਆਂ ਦੀ ਮਦਦ ਨਾਲ ਸੰਵੇਦਨਸ਼ੀਲ ਇਲਾਕਿਆਂ ’ਚ ਗਸ਼ਤ ਵਧਾਈ ਜਾਵੇਗੀ, ਜਿਸ ਨਾਲ ਚੇਨ ਸਨੇਚਿੰਗ, ਚੋਰੀਆਂ ਅਤੇ ਹੋਰ ਅਪਰਾਧਾਂ ’ਤੇ ਕਾਬੂ ਪਾਉਣ ’ਚ ਮਦਦ ਮਿਲੇਗੀ। ਪੁਲਿਸ ਦੀ ਮੌਜੂਦਗੀ ਵੱਧਣ ਨਾਲ ਅਪਰਾਧੀਆਂ ’ਚ ਡਰ ਪੈਦਾ ਹੋਵੇਗਾ ਅਤੇ ਲੋਕਾਂ ’ਚ ਸੁਰੱਖਿਆ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ। ਪੁਲਿਸ ਦੀ ਜਨਤਾ ਨੂੰ ਅਪੀਲ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕਿ ਕਿਸੇ ਵੀ ਐਮਰਜੈਂਸੀ, ਦੁਰਘਟਨਾ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ 112 ਨੰਬਰ ‘ਤੇ ਕਾਲ ਕਰਕੇ ਜਾਣਕਾਰੀ ਦਿਓ। ਤੁਹਾਡਾ ਇੱਕ ਫੋਨ ਕਾਲ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਅਤੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ।