ਵਿਦਿਆਰਥੀਆਂ ਨੂੰ ਤਣਾਅ ਤੋਂ ਰਾਹਤ ਦੇਣ ਲਈ ਸਕੂਲ ‘ਚ ‘ਬੈਗ ਫ੍ਰੀ ਡੇਆ’ ਮਨਾਇਆ
ਵਿਦਿਆਰਥੀਆਂ ਨੂੰ ਤਣਾਅ ਤੋਂ ਰਾਹਤ ਦੇਣ ਲਈ ਸਕੂਲ ‘ਚ “ਬੈਗ ਫ੍ਰੀ ਡੇ” ਮਨਾਇਆ
Publish Date: Sat, 28 Feb 2026 03:22 PM (IST)
Updated Date: Sat, 28 Feb 2026 03:25 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਦਬਾਅ ਤੇ ਤਣਾਅ ਤੋਂ ਰਾਹਤ ਦੇਣ ਦੇ ਉਦੇਸ਼ ਨਾਲ ਲਿਟਿਲ ਏਂਜਲ ਪਬਲਿਕ ਸਕੂਲ ਗਿੱਦੜਬਾਹਾ ਵਿਖੇ “ਬੈਗ ਫ੍ਰੀ ਡੇ” ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਿਸ਼ਾਂਤ ਬਾਘਲਾ ਨੇ ਦੱਸਿਆ ਕਿ “ਬੈਗ ਫ੍ਰੀ ਡੇ” ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣਾ ਤੇ ਪ੍ਰੀਖਿਆਵਾਂ ਪ੍ਰਤੀ ਉਨ੍ਹਾਂ ਦਾ ਡਰ ਘਟਾਉਣਾ ਸੀ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੇ ਸਮੇਂ ਵਿਦਿਆਰਥੀਆਂ ‘ਤੇ ਪੜ੍ਹਾਈ ਦਾ ਵੱਧ ਬੋਝ ਹੋਣ ਕਾਰਨ ਉਹ ਤਣਾਅ ਮਹਿਸੂਸ ਕਰਦੇ ਹਨ। ਇਸ ਲਈ ਇੱਕ ਦਿਨ ਲਈ ਬੱਚਿਆਂ ਨੂੰ ਬਿਨਾਂ ਸਕੂਲ ਬੈਗ ਦੇ ਬੁਲਾਇਆ ਗਿਆ ਤੇ ਇਸ ਦੌਰਾਨ ਵਿਦਿਆਰਥੀਆਂ ਦੇ ਲਈ ਮਨੋਰੰਜਕ ਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਕਸਰਤ, ਖੇਡਾਂ, ਕਵਿਜ਼ ਮੁਕਾਬਲੇ, ਡਰਾਇੰਗ ਐਕਟੀਵਿਟੀ ਤੇ ਪ੍ਰੇਰਣਾਦਾਇਕ ਸੈਸ਼ਨ ਆਯੋਜਿਤ ਕੀਤੇ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਲਤਾ ਬਾਘਲਾ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਸਹੀ ਯੋਜਨਾ ਬਣਾਉਣ, ਸਿਹਤਮੰਦ ਰਹਿਣ ਤੇ ਸਕਾਰਾਤਮਕ ਸੋਚ ਨਾਲ ਪ੍ਰੀਖਿਆਵਾਂ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਆਤਮਵਿਸ਼ਵਾਸ ਵਧਦਾ ਹੈ ਤੇ ਉਹ ਪ੍ਰੀਖਿਆਵਾਂ ਨੂੰ ਬਿਨਾਂ ਘਬਰਾਹਟ ਦੇ ਦੇ ਸਕਦੇ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।