ਸਕੂਲ ਆਫ਼ ਐਮੀਨੈਂਸ ਮੰਡੀ ਬਰੀਵਾਲਾ ਦਾ ਅੱਠਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸਕੂਲ ਆਫ਼ ਐਮੀਨੈਂਸ ਮੰਡੀ ਬਰੀਵਾਲਾ ਦਾ ਅੱਠਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ
Publish Date: Mon, 13 Apr 2026 03:29 PM (IST)
Updated Date: Mon, 13 Apr 2026 03:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲ ਆਫ਼ ਐਮੀਨੈਂਸ, ਮੰਡੀ ਬਰੀਵਾਲਾ ਦੇ ਵਿਦਿਆਰਥੀਆਂ ਨੇ ਮਾਰਕਾ ਮਾਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ 100 ਪ੍ਰਤੀਸ਼ਤ ਵਿਦਿਆਰਥੀ ਸਫ਼ਲ ਐਲਾਨੇ ਗਏ ਹਨ। ਸਕੂਲ ਦੇ ਕੁੱਲ 89 ਵਿਦਿਆਰਥੀਆਂ ਨੇ ਇਸ ਸਾਲ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ। ਵਿਦਿਆਰਥਣ ਰਾਸ਼ੀ ਸਪੁੱਤਰੀ ਤਿਲਕ ਰਾਜ ਨੇ 600 ਵਿੱਚੋਂ 569 ਅੰਕ (94.83%) ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਰਾਜਪ੍ਰੀਤ ਕੌਰ ਸਪੁੱਤਰੀ ਪਰਮਿੰਦਰ ਸਿੰਘ ਨੇ 600 ਵਿੱਚੋਂ 558 ਅੰਕ (93%) ਲੈ ਕੇ ਦੂਜਾ ਸਥਾਨ ਮੱਲਿਆ। ਗੁਨ ਗੁਨ ਸਪੁੱਤਰੀ ਅਮਨਦੀਪ ਕੁਮਾਰ ਨੇ 600 ਵਿੱਚੋਂ 556 ਅੰਕ (92.66%) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕਰਨ ਵਿੱਚ ਸਫ਼ਲਤਾ ਪਾਈ। ਸਕੂਲ ਪ੍ਰਿੰਸੀਪਲ ਸਤਨਾਮ ਸਿੰਘ ਨੇ ਇਸ ਸ਼ਾਨਦਾਰ ਨਤੀਜੇ ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਅਧਿਆਪਕਾਂ ਦੀ ਮਿਹਨਤ ਅਤੇ ਬੱਚਿਆਂ ਦੀ ਲਗਨ ਦਾ ਸਿੱਟਾ ਹੈ। ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਬੱਚਿਆਂ ਦੇ ਸੁਨਹਿਰੇ ਅਤੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ।