ਪੰਜਾਬ ਬਚਾਓ ਰੈਲੀਆਂ ’ਚ ਆਪ-ਮੁਹਾਰੇ ਪਹੁੰਚ ਰਹੇ ਲੋਕ : ਹਨੀ
ਪੰਜਾਬ ਬਚਾਓ ਰੈਲੀਆਂ ਦਾ ਪ੍ਰੋਗਰਾਮ ਜਾਰੀ, ਲੋਕਾਂ ’ਚ ਉਤਸ਼ਾਹ, ਆਪ ਮੁਹਾਰੇ ਪਹੁੰਚ ਰਹੇ ਲੋਕ : ਹਨੀ ਫੱਤਣਵਾਲਾ
Publish Date: Wed, 18 Feb 2026 04:48 PM (IST)
Updated Date: Wed, 18 Feb 2026 04:51 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਹੱਕਾਂ ਅਤੇ ਸੂਬੇ ਦੇ ਮੁੱਦਿਆਂ ਨੂੰ ਉਭਾਰਨ ਲਈ “ਪੰਜਾਬ ਬਚਾਓ ਰੈਲੀਆਂ” ਦਾ ਵਿਸਥਾਰਤ ਪ੍ਰੋਗਰਾਮ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਰੈਲੀਆਂ ਵੱਖ-ਵੱਖ ਸ਼ਹਿਰਾਂ ’ਚ 17 ਫ਼ਰਵਰੀ ਤੋਂ 31 ਮਾਰਚ 2026 ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਹਨੀ ਫੱਤਣਵਾਲਾ ਜਰਨਲ ਸਕੱਤਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਤਹਿਤ 17 ਫ਼ਰਵਰੀ ਨੂੰ ਕਾਦੀਆਂ ਤੋਂ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤੋਂ ਬਾਅਦ 18 ਫ਼ਰਵਰੀ ਨੂੰ ਖੇਮਕਰਨ, 20 ਫ਼ਰਵਰੀ ਨੂੰ ਜ਼ੀਰਾ, 21 ਫ਼ਰਵਰੀ ਨੂੰ ਅਟਾਰੀ, 24 ਫ਼ਰਵਰੀ ਨੂੰ ਫ਼ਿਰੋਜ਼ਪੁਰ ਦਿਹਾਤੀ ਅਤੇ 28 ਫ਼ਰਵਰੀ ਨੂੰ ਰਾਮਪੁਰਾ ਫੂਲ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਮਾਰਚ ਮਹੀਨੇ ਦੌਰਾਨ 1 ਮਾਰਚ ਨੂੰ ਸਮਰਾਲਾ, 4 ਮਾਰਚ ਨੂੰ ਸਰਦੂਲਗੜ੍ਹ, 8 ਮਾਰਚ ਨੂੰ ਮੌੜ, 9 ਮਾਰਚ ਨੂੰ ਬੁਢਲਾਡਾ, 10 ਮਾਰਚ ਨੂੰ ਭੁੱਚੋ, 12 ਮਾਰਚ ਨੂੰ ਬਾਘਾਪੁਰਾਣਾ, 13 ਮਾਰਚ ਨੂੰ ਫ਼ਤਿਹਗੜ੍ਹ ਚੂੜੀਆਂ ਅਤੇ 14 ਮਾਰਚ ਨੂੰ ਸਾਹਨੇਵਾਲ ਵਿੱਚ ਰੈਲੀਆਂ ਹੋਣਗੀਆਂ। ਇਸਤੋਂ ਇਲਾਵਾ 15 ਮਾਰਚ ਨੂੰ ਭਦੌੜ ਤੋਂ ਇਲਾਵਾ ਲਗਾਤਾਰ 31 ਮਾਰਚ ਤੱਕ ਕੁੱਲ 40 ਰੈਲੀਆਂ ਕੀਤੀਆਂ ਜਾਣਗੀਆਂ। ਹਨੀ ਫੱਤਣਵਾਲਾ ਨੇ ਕਿਹਾ ਕਿ ਇਨ੍ਹਾਂ ਰੈਲੀਆਂ ਦਾ ਮਕਸਦ ਪੰਜਾਬ ਦੇ ਪਾਣੀ, ਕਿਸਾਨੀ, ਉਦਯੋਗ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ’ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ, ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦੀ ਆਪਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇਂ 9 ਸਾਲਾਂ ਦੌਰਾਨ ਪੰਜਾਬ ਹਰ ਪੱਖ ਤੋਂ ਪੱਛੜ ਚੁੱਕਾ ਹੈ, ਤੇ ਪੰਜਾਬ ਦੀ ਡਾਵਾਂਡੋਲ ਸਥਿਤੀ ਨੂੰ ਲੀਹ ’ਤੇ ਲਿਆਉਣ ਲਈ ਪੰਜਾਬ ਦੀ ਵਾਂਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ’ਚ ਦੇਣੀ ਲਾਜ਼ਮੀ ਹੈ, ਜਿਸ ਲਈ ਪੰਜਾਬ ਦੇ ਲੋਕ ਤਿਆਰ ਬਰ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ’ਚ ਆਪ ਮੁਹਾਰੇ ਪੰਜਾਬ ਦੇ ਇਨਸਾਫ਼ ਪਸੰਦ ਵੱਡੀ ਗਿਣਤੀ ’ਚ ਪਹੁੰਚ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੇ ਹੱਕਾਂ ਲਈ ਇੱਕਜੁੱਟ ਆਵਾਜ਼ ਬੁਲੰਦ ਕੀਤੀ ਜਾ ਸਕੇ।