ਸੰਕਲਪ ਸੁਸਾਇਟੀ ਨੇ ਚਾਈਨਾ ਡੋਰ ਦੀ ਵਰਤੋਂ ਵਿਰੁੱਧ ਲਗਾਏ ਜਾਗਰੂਕਤਾ ਪੋਸਟਰ
ਸੰਕਲਪ ਸੁਸਾਇਟੀ ਦੁਆਰਾ ਚਾਈਨਾ ਡੋਰ ਦੀ ਵਰਤੋਂ ਖਿਲਾਫ ਪ੍ਰਚਾਰ ਜਾਰੀ
Publish Date: Tue, 27 Jan 2026 03:56 PM (IST)
Updated Date: Tue, 27 Jan 2026 03:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦੁਆਰਾ ਪਤੰਗਬਾਜ਼ੀ ਮੌਕੇ ਵਰਤੀ ਜਾਣ ਵਾਲੀ ਚਾਈਨਾ ਡੋਰ ਖਿਲਾਫ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸ ਮੁਹਿੰਮ ਦਾ ਆਗਾਜ਼ ਬੀਤੇ ਦਿਨੀ ਗੁਰਪ੍ਰੀਤ ਸਿੰਘ ਥਿੰਦ (ਏਡੀਸੀ, ਜਨਰਲ) ਸ੍ਰੀ ਮੁਕਤਸਰ ਸਾਹਿਬ ਦੁਆਰਾ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਬਲਾਕਾਂ ’ਚ ਜਨਤਕ ਥਾਵਾਂ ਉੱਪਰ ਫਲੈਕਸ ਅਤੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਲੰਬੀ ਦੇ ਪਿੰਡ ਵੜਿੰਗ ਖੇੜਾ ਵਿਖੇ ਗੁਰਪਿਆਸ ਸਿੰਘ ਸੰਧੂ ਦੇ ਸਹਿਯੋਗ ਨਾਲ ਪਿੰਡਾਂ ਦੇ ਗੁਰਦੁਆਰਿਆਂ, ਸੱਥਾਂ ਤੇ ਬੱਸ ਅੱਡਿਆਂ ਉੱਪਰ ਫਲੈਕਸ ਲਗਾ ਕੇ ਲੋਕਾਂ ਨੂੰ ਇਸ ਮਾਰੂ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਬਲਾਕ ਲੰਬੀ ’ਚ ਇਸ ਮੁਹਿੰਮ ਨੂੰ ਅੱਗੇ ਤੋਰਨ ’ਚ ਗੁਰਲਾਲ ਸਿੰਘ ਵੜਿੰਗ ਖੇੜਾ ਤੇ ਗੁਰਪਿਆਸ ਸਿੰਘ ਅਤੇ ਬਲਾਕ ਸ੍ਰੀ ਮੁਕਤਸਰ ਸਾਹਿਬ ’ਚ ਸਤਵੰਤ ਸਿੰਘ ਸੰਧੂ, ਕੰਵਰਜੀਤ ਸਿੰਘ, ਬਲਾਕ ਦੋਦਾ ’ਚ ਅਵਤਾਰ ਸਿੰਘ ਮੱਲਣ ਤੇ ਬਲਾਕ ਗਿੱਦੜਬਾਹਾ ’ਚ ਗੁਰਚਰਨ ਸਿੰਘ ਦੁਆਰਾ ਵਿਸ਼ੇਸ਼ ਯੋਗਦਾਨ ਮਿਲ ਰਿਹਾ ਹੈ। ਸੰਸਥਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਰਾਜ ਰਪਾਣਾ ਨੇ ਐਸ ਸਹਿਯੋਗ ਬਦਲੇ ਐਸਕੇ ਫਲੈਕਸ ਪ੍ਰਿੰਟਰਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ, ਸਿਆਮਾ ਇਤਰਜ਼, ਏ ਟੂ ਜੈਡ ਐਡਵਰਟਾਈਜਿੰਗ ਦੇ ਐਮਡੀ ਹਰਵਿੰਦਰ ਸਿੰਘ, ਐਸਐਸ ਲੈਪਟਾਪ ਪੁਆਇੰਟ ਦੇ ਸੰਚਾਲਕ ਸੁਮੀਤ ਸਿੰਘ, ਗਗਨ ਗਾਰਮੈਂਟਸ ਤੇ ਰੂਪਜੋਤ ਬੁਟੀਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਪਿੰਡ ਵੜਿੰਗ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਜਾਗਰੂਕਤਾ ਫਲੈਕਸ ਲਗਾਉਣ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਨੈਬ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਨਾਗਰਾ, ਗੁਰਪਿਆਸ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਭੁੱਲਰ ਆਦਿ ਮੌਜੂਦ ਸਨ।