ਕੜਾਕੇ ਦੀ ਠੰਢ ’ਚ ਸਫ਼ਾਈ ਕਰਮਚਾਰੀਆਂ ਨੇ ਧਰਨਾ ਰੱਖਿਆ ਜਾਰੀ
ਕੜਾਕੇ ਦੀ ਠੰਡ ’ਚ ਸਫ਼ਾਈ ਕਰਮਚਾਰੀਆਂ ਦਾ ਧਰਨਾ ਜਾਰੀ
Publish Date: Sun, 11 Jan 2026 06:29 PM (IST)
Updated Date: Sun, 11 Jan 2026 06:33 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕੜਾਕੇ ਦੀ ਠੰਡ ’ਚ ਪਿਛਲੇ 5 ਦਿਨਾਂ ਤੋਂ ਲਗਾਤਾਰ ਮੁਕਤਸਰ ਡੀਸੀ ਦਫ਼ਤਰ ਮੂਹਰੇ ਚਲ ਰਿਹਾ ਸਫ਼ਾਈ ਸਫ਼ਾਈ ਕਰਮਚਾਰੀਆਂ ਦਾ ਧਰਨਾ ਐਤਵਾਰ ਵੀ ਜਾਰੀ ਰਿਹਾ। ਵੱਖ ਵੱਖ ਇਨਸਾਫ ਪਸੰਦ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇਸ ਧਰਨੇ ’ਚ ਸ਼ਿਰਕਤ ਕੀਤੀ। ਅੱਜ ਬਹੁਜਨ ਕਰਮਚਾਰੀ ਅਤੇ ਰਿਟਾਇਰ ਕਰਮਚਾਰੀ ਸੰਗਠਨ ਦੇ ਕਨਵੀਨਰ ਮਾਸਟਰ ਸੁਖਦੇਵ ਰਾਮ ਰਹੂੜਿਆਂਵਾਲੀ, ਤਰਸੇਮ ਸਿੰਘ ਲੱਖੇਵਾਲੀ, ਗੁਰਬਖਸ਼ ਸਿੰਘ, ਬਲਦੇਵ ਤੰਵਰ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪੰਜਾਬ ਵਾਈਸ ਪ੍ਰਧਾਨ ਕੁਲਵੰਤ ਸਿੰਘ ਮਾਨ ਸਿੰਘ ਵਾਲਾ ਨੇ ਧਰਨੇ ਵਿਚ ਸ਼ਿਰਕਤ ਕੀਤੀ ਅਤੇ ਪ੍ਰਸ਼ਾਸ਼ਨ ਦੇ ਇਸ ਗੈਰ ਸੰਵਿਧਾਨਕ ਕਾਰਵਾਈ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਇਹ ਗੈਰ ਸੰਵਿਧਾਨਕ ਸੁਸਾਇਟੀ ਰੱਦ ਨਹੀਂ ਹੁੰਦੀ ਓਦੋਂ ਤੱਕ ਇਹ ਧਾਰਨਾ ਜਾਰੀ ਰਹੇਗਾ ਅਤੇ ਜੇਕਰ ਕਿਸੇ ਵੀ ਕਰਮਚਾਰੀ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ। ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਅੰਦਰ ਇੱਕ ਸੁਸਾਇਟੀ ਬਣਾਈ ਗਈ ਸੀ, ਜੋ ਸਫਾ਼ਈ ਕਾਮਿਆਂ ਨੂੰ ਆਪਣੀ ਮਰਜ਼ੀ ਅਨੁਸਾਰ ਡਿਊਟੀਆਂ ਸੌਂਪ ਰਹੀ ਹੈ। ਸਫ਼ਾਈ ਕਰਮਚਾਰੀ ਰਹੇੜਾ ਯੂਨੀਅਨ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਨਵੀਂ ਸੁਸਾਇਟੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਕੰਮ ਤੋਂ ਹਟਾ ਰਹੀ ਸੀ ਅਤੇ ਉਨ੍ਹਾਂ ਦੀ ਜਗ੍ਹਾ ਘੱਟ ਤਨਖਾਹ ਤੇ ਹੋਰ ਵਿਅਕਤੀਆਂ ਨੂੰ ਕੰਮ ’ਤੇ ਰੱਖ ਰਹੀ ਸੀ। ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਯਮਿਤ ਤੌਰ ਤੇ ਆਪਣੇ ਖੇਤਰਾਂ ਦੀ ਸਫਾਈ ਕਰ ਰਹੇ ਹਨ, ਸਥਾਨਕ ਲੋਕਾਂ ਨਾਲ ਮਜ਼ਬੂਤ ਸਬੰਧ ਹਨ ਅਤੇ ਇਸੇ ਕਰਕੇ ਸਿਸਟਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਸੁਸਾਇਟੀ ਦੇ ਅਧੀਨ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ 28 ਨਵੰਬਰ ਨੂੰ ਮੁਕਤਸਰ ਪਹੁੰਚੇ ਅਤੇ ਸੁਸਾਇਟੀ ਨੂੰ ਭੰਗ ਕਰ ਦਿੱਤਾ। ਹੁਣ, ਲਗਭਗ ਇੱਕ ਮਹੀਨੇ ਬਾਅਦ ਨਗਰ ਕੌਂਸਲ ਦੇ ਅਧਿਕਾਰੀ ਚਲਾਕੀ ਨਾਲ ਸੁਸਾਇਟੀ ਨੂੰ ਬਹਾਲ ਕਰ ਰਹੇ ਹਨ, ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਇਸ ਮੌਕੇ ਅਸ਼ੋਕ ਮਹਿੰਦਰਾ ਸੰਸਥਾਪਕ ਭੀਮ ਕ੍ਰਾਂਤੀ, ਸਾਗਰ ਧਵਨ ਐਡਵੋਕੇਟ, ਅਜੇ ਕੁਮਾਰ, ਅਮਨ ਕੁਮਾਰ ਆਦਿ ਵੀ ਮੌਜੂਦ ਰਹੇ।