ਸਮਰਵੀਰ ਖੁਰਾਨਾ ਦੀ ਕ੍ਰਿਕਟ ਨੈਸ਼ਨਲ ਖੇਡਾਂ ਲਈ ਹੋਈ ਚੋਣ
ਸਮਰਵੀਰ ਖੁਰਾਨਾ ਦੀ ਕ੍ਰਿਕਟ ਨੈਸ਼ਨਲ ਖੇਡਾਂ ਲਈ ਹੋਈ ਚੋਣ
Publish Date: Fri, 17 Apr 2026 06:27 PM (IST)
Updated Date: Fri, 17 Apr 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਹੋਣਹਾਰ ਖਿਡਾਰੀ ਸਮਰਵੀਰ ਖੁਰਾਨਾ ਨੇ ਖੇਡਾਂ ਦੇ ਖੇਤਰ ’ਚ ਵੱਡੀਆਂ ਮੱਲਾਂ ਮਾਰਦਿਆਂ ਅੰਡਰ-17 ਕ੍ਰਿਕਟ ਨੈਸ਼ਨਲ ਖੇਡਾਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ’ਸਪੋਰਟਸ ਅਥਾਰਟੀ ਆਫ ਇੰਡੀਆ’ ਵੱਲੋਂ 26 ਅਪ੍ਰੈਲ ਤੋਂ 1 ਮਈ ਤੱਕ ਤੇਲੰਗਾਨਾ ਵਿਖੇ ਕਰਵਾਈਆਂ ਜਾ ਰਹੀਆਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਸਕੂਲ ਦੇ ਵਿਦਿਆਰਥੀ ਅਤੇ ਖਿਡਾਰੀ ਸਮਰਵੀਰ ਖੁਰਾਨਾ ਨੈਸ਼ਨਲ ਖੇਡਾਂ ਲਈ ਚੋਣ ਹੋਈ ਹੈ। ਉਨਾਂ ਦੱਸਿਆ ਕਿ ਇਹ ਹੋਣਹਾਰ ਖਿਡਾਰੀ ਪਿਛਲੇ ਦਿਨੀਂ ਦਸਵੀਂ ਕਲਾਸ ਦੇ ਆਏ ਨਤੀਜੇ ਵਿੱਚੋਂ ਵੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਇਆ ਹੈ ਅਤੇ ਆਪਣੀ ਬਿਹਤਰੀਨ ਖੇਡ ਦੇ ਕੌਸ਼ਲ ਕਾਰਨ ਨੈਸ਼ਨਲ ਖੇਡਾਂ (ਕ੍ਰਿਕਟ ਅੰਡਰ 17 ਲੜਕੇ) ਵਿੱਚ ਵੀ ਆਪਣਾ ਸਥਾਨ ਬਣਾਉਣ ਵਿੱਚ ਕਾਮਯਾਬ ਹੋਇਆ ਹੈ। ਉਨਾਂ ਨੇ ਦੱਸਿਆ ਕਿ ਸਮਰਵੀਰ ਸਕੂਲ ਵਿੱਚ ਚੱਲ ਰਹੀ ਡੀਏਵੀ ਕ੍ਰਿਕਟ ਅਕੈਡਮੀ ਦਾ ਨਿਯਮਿਤ ਮੈਂਬਰ ਹੈ, ਜਿੱਥੇ ਉਹ ਕੋਚ ਗਗਨਦੀਪ ਸਿੰਘ ਤੂਰ ਦੀ ਅਗਵਾਈ ਹੇਠ ਰੋਜ਼ਾਨਾ ਅਭਿਆਸ ਕਰਦਾ ਹੈ। ਉਨਾਂ ਨੇ ਇਸ ਦੋਰਾਨ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਇਸ ਖੁਸ਼ੀ ਦੇ ਮੌਕੇ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਕਿਸੇ ਵੀ ਤਰ੍ਹਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਪਛਾਣ ਕੇ ਵਿਦਿਆਰਥੀਆਂ ਨੂੰ ਆਪਣੀ ਅਗਲੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਤਿਆਰ ਕਰਦਾ ਹੈ।