ਰੋਡਵੇਜ਼ ਮੁਲਾਜ਼ਮਾਂ ਵੱਲੋਂ ਚੱਕਾ ਜਾਮ, 70 ਬੱਸਾਂ ਠੱਪ, ਮੁਸਾਫ਼ਰ ਪਰੇਸ਼ਾਨ
ਰੋਡਵੇਜ਼ ਮੁਲਾਜ਼ਮਾਂ ਵੱਲੋਂ ਚੱਕਾ ਜਾਮ, 70 ਬੱਸਾਂ ਠੱਪ, ਮੁਸਾਫ਼ਰ ਪ੍ਰੇਸ਼ਾਨ
Publish Date: Wed, 10 Jun 2026 07:07 PM (IST)
Updated Date: Wed, 10 Jun 2026 07:08 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਗਰੂਰ ’ਚ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਰਿਹਾਈ, ਬਰਾਬਰ ਕੰਮ-ਬਰਾਬਰ ਤਨਖ਼ਾਹ ਲਾਗੂ ਕਰਨ ਅਤੇ ਕਿਲੋਮੀਟਰ ਸਕੀਮ ਦਾ ਵਿਰੋਧ ਕਰਦਿਆਂ ਬੁੱਧਵਾਰ ਨੂੰ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੁਕਤਸਰ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ਕਰਕੇ ਡਿਪੂ ਦੇ ਅੰਦਰ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਹੜਤਾਲ ਦਾ ਅਸਰ ਇੰਨਾ ਵਿਆਪਕ ਰਿਹਾ ਕਿ ਮੁਕਤਸਰ ਡਿਪੂ ਦੀਆਂ ਕੁੱਲ 95 ਸਰਕਾਰੀ ਬੱਸਾਂ ਵਿੱਚੋਂ 70 ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ। ਇਸ ਕਾਰਨ 70 ਤੋਂ ਵੱਧ ਰੂਟ ਪ੍ਰਭਾਵਿਤ ਹੋਏ ਅਤੇ ਡਿਪੂ ਨੂੰ ਲੱਖਾਂ ਰੁਪਏ ਦੇ ਮਾਲੀਏ (ਰੇਵੇਨਿਊ) ਦਾ ਨੁਕਸਾਨ ਝੱਲਣਾ ਪਿਆ। ਸਭ ਤੋਂ ਵੱਧ ਪਰੇਸ਼ਾਨੀ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ, ਖ਼ਾਸ ਕਰਕੇ ਮਹਿਲਾਵਾਂ ਨੂੰ ਹੋਈ, ਜਿਨ੍ਹਾਂ ਨੂੰ ਮਜਬੂਰਨ ਮਹਿੰਗੇ ਕਿਰਾਏ ’ਤੇ ਨਿੱਜੀ (ਪ੍ਰਾਈਵੇਟ) ਬੱਸਾਂ ਦਾ ਸਹਾਰਾ ਲੈਣਾ ਪਿਆ। ਫ਼ਰੀਦਕੋਟ ਜਾਣ ਲਈ ਬੱਸ ਸਟੈਂਡ ਪਹੁੰਚੀ ਰਾਣੀ ਨੇ ਦੱਸਿਆ ਕਿ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਕੋਈ ਸਾਧਨ ਨਹੀਂ ਮਿਲ ਰਿਹਾ। ਹੁਣ ਪ੍ਰਾਈਵੇਟ ਬੱਸ ਵਿੱਚ ਦੁੱਗਣਾ ਕਿਰਾਇਆ ਦੇ ਕੇ ਜਾਣਾ ਪਵੇਗਾ। ਉੱਥੇ ਹੀ ਬਠਿੰਡਾ ਜਾ ਰਹੀ ਸੋਨਮ ਨੂੰ ਵੀ ਹੜਤਾਲ ਦੀ ਜਾਣਕਾਰੀ ਬੱਸ ਸਟੈਂਡ ’ਤੇ ਆ ਕੇ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਕੋਈ ਹੋਰ ਇੰਤਜ਼ਾਮ ਕਰ ਲੈਂਦੇ, ਹੁਣ ਮਜਬੂਰੀ ਵਿੱਚ ਪ੍ਰਾਈਵੇਟ ਬੱਸ ਲੈਣੀ ਪੈ ਰਹੀ ਹੈ। ਯੂਨੀਅਨ ਦੇ ਮੁਕਤਸਰ ਡਿਪੂ ਪ੍ਰਧਾਨ ਜਗਸੀਰ ਸਿੰਘ ਨੇ ਸਰਕਾਰ ’ਤੇ ਅਣਦੇਖੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਬਹੁਤ ਹੀ ਘੱਟ ਤਨਖ਼ਾਹ ’ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਸਾਡੀ ਪਹਿਲੀ ਮੰਗ ਹੈ ਕਿ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਿੱਤੀ ਜਾਵੇ। ਦੂਜੀ ਮੰਗ ਸੰਗਰੂਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਛੇ ਸਾਥੀਆਂ ਦੀ ਤੁਰੰਤ ਰਿਹਾਈ ਦੀ ਹੈ, ਜੋ ਪਿਛਲੇ ਛੇ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਜਗਸੀਰ ਸਿੰਘ ਨੇ ਕਿਲੋਮੀਟਰ ਸਕੀਮ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ 10 ਹਜ਼ਾਰ ਨਵੀਆਂ ਸਰਕਾਰੀ ਬੱਸਾਂ ਚਲਾਉਣ ਦੀ ਬਜਾਏ ਪ੍ਰਾਈਵੇਟ ਅਪਰੇਟਰਾਂ ਨਾਲ ਕਰਾਰ ਕਰ ਰਹੀ ਹੈ। ਕਿਲੋਮੀਟਰ ਸਕੀਮ ਨਾਲ ਨਾ ਸਿਰਫ਼ ਮੁਲਾਜ਼ਮਾਂ ਦੀ ਨੌਕਰੀ ਖ਼ਤਰੇ ਵਿੱਚ ਪਵੇਗੀ, ਸਗੋਂ ਆਮ ਜਨਤਾ ’ਤੇ ਵੀ ਕਿਰਾਏ ਦਾ ਬੋਝ ਵਧੇਗਾ। ਸਰਕਾਰੀ ਬੱਸਾਂ ਚੱਲਣ ਨਾਲ ਹਜ਼ਾਰਾਂ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ ਅਤੇ ਸਰਕਾਰ ਨੂੰ ਵੀ ਰੇਵੇਨਿਊ ਮਿਲਦਾ ਹੈ, ਜਦਕਿ ਨਿੱਜੀਕਰਨ ਨਾਲ ਦੋਵਾਂ ਦਾ ਨੁਕਸਾਨ ਹੋਵੇਗਾ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨਗੇ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨਗੇ। ਇਸ ਦੌਰਾਨ ਸ਼ਾਮ ਨੂੰ ਪ੍ਰਮੁੱਖ ਸਕੱਤਰ ਟਰਾਸਪੋਰਟ ਵਿਭਾਗ ਅਤੇ ਡਰਾਇਕੈਟਰ ਸਟੇਟ ਟਰਾਸਪੋਰਟ ਸਮੇਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੀ ਹੋਈ ਮੀਟਿੰਗ ’ਚ ਜਥੇਬੰਦੀ ਦੀਆਂ ਮੰਗਾ ਤੇ ਲੰਬੀ ਵਿਚਾਰ ਚਰਚਾ ਹੋਣ ਤੋਂ ਬਾਅਦ ਸਰਕਾਰ ਨਾਲ ਲਿਖਤੀ ਫੈਸਲਾ ਹੋਣ ਤੇ ਹੜਤਾਲ ਸਮੇਤ ਧਰਨਾ ਪੋਸਟਪੋਨ ਕੀਤਾ ਗਿਆ।