Road Accident : ਮਲੋਟ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਦੋ ਨੌਜਵਾਨਾਂ ਦੀ ਮੌਤ; ਇਕ ਗੰਭੀਰ ਜ਼ਖ਼ਮੀ
ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਧਰਮਿੰਦਰ ਸਿੰਘ ਵਾਸੀ ਮਾਹੂਆਣਾ, ਰਵੀ ਵਾਸੀ ਖੁੱਡੀਆਂ ਅਤੇ ਕੁਸ਼ਲਦੀਪ ਸਿੰਘ ਵਾਸੀ ਖੁੱਡੀਆਂ ਮਲੋਟ ਵਾਲੇ ਪਾਸਿਓਂ ਆ ਰਹੇ ਸੀ ਕਿ ਜਦ ਉਹ ਪਿੰਡ ਮਾਹੂਆਣਾ ਨੇੜੇ ਪਹੁੰਚੇ ਤਾਂ ਡੱਬਵਾਲੀ ਵਾਲੇ ਪਾਸਿਓਂ ਆ ਰਹੀ ਇਕ ਤੇਜ ਰਫ਼ਤਾਰ ਕਾਰ ਨਾਲ ਮੋਟਰਸਾਇਕਲ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਉਸਨੂੰ ਅੱਗ ਲੱਗ ਗਈ।
Publish Date: Wed, 25 Mar 2026 06:37 PM (IST)
Updated Date: Wed, 25 Mar 2026 07:33 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ, ਲੰਬੀ : ਦਿੱਲੀ-ਫਾਜ਼ਿਲਕਾ ਹਾਈਵੇਅ 'ਤੇ ਪਿੰਡ ਮਾਹੂਆਣਾ ਨੇੜੇ ਕਾਰ ਤੇ ਮੋਟਰਸਾਇਕਲ ਦੀ ਭਿਆਨਕ ਟੱਕਰ ’ਚ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਧਰਮਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਮਾਹੂਆਣਾ ਅਤੇ ਰਵੀ ਵਾਸੀ ਪਿੰਡ ਖੁੱਡੀਆਂ ਵੱਜੋਂ ਹੋਈ ਹੈ। ਜਦਕਿ ਇਕ ਨੌਜਵਾਨ ਕੁਸ਼ਲਦੀਪ ਸਿੰਘ ਗੰਭੀਰ ਜਖ਼ਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਭਿਆਨਕ ਅੱਗ ਲੱਗ ਗਈ।
ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਧਰਮਿੰਦਰ ਸਿੰਘ ਵਾਸੀ ਮਾਹੂਆਣਾ, ਰਵੀ ਵਾਸੀ ਖੁੱਡੀਆਂ ਅਤੇ ਕੁਸ਼ਲਦੀਪ ਸਿੰਘ ਵਾਸੀ ਖੁੱਡੀਆਂ ਮਲੋਟ ਵਾਲੇ ਪਾਸਿਓਂ ਆ ਰਹੇ ਸੀ ਕਿ ਜਦ ਉਹ ਪਿੰਡ ਮਾਹੂਆਣਾ ਨੇੜੇ ਪਹੁੰਚੇ ਤਾਂ ਡੱਬਵਾਲੀ ਵਾਲੇ ਪਾਸਿਓਂ ਆ ਰਹੀ ਇਕ ਤੇਜ ਰਫ਼ਤਾਰ ਕਾਰ ਨਾਲ ਮੋਟਰਸਾਇਕਲ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਉਸਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਨੌਜਵਾਨ ਰਵੀ ਵਾਸੀ ਖੁੱਡੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਪਰ ਬਾਅਦ ’ਚ ਹਸਪਤਾਲ ’ਚ ਜ਼ੇਰੇ ਇਲਾਜ ਗੰਭੀਰ ਜ਼ਖ਼ਮੀ ਧਰਮਿੰਦਰ ਸਿੰਘ ਦੀ ਵੀ ਮੌਤ ਹੋ ਗਈ।
ਓਧਰ ਇਸ ਹਾਦਸੇ ਨੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੀ ਗਈ 'ਸੜਕ ਸੁਰੱਖਿਆ ਫੋਰਸ' ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਾਦਸਾ ਵਾਪਰਨ ਦੇ ਕਾਫੀ ਸਮੇਂ ਬਾਅਦ ਤੱਕ ਵੀ ਸੁਰੱਖਿਆ ਫੋਰਸ ਦੀ ਕੋਈ ਗੱਡੀ ਜਾਂ ਮੁਲਾਜ਼ਮ ਮੌਕੇ 'ਤੇ ਨਹੀਂ ਪਹੁੰਚਿਆ। ਸਰਕਾਰੀ ਸਹਾਇਤਾ ਦੀ ਗ਼ੈਰ-ਮੌਜੂਦਗੀ ਵਿੱਚ ਲੋਕਾਂ ਨੇ ਆਪਣੇ ਪੱਧਰ 'ਤੇ ਹੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।