ਵਿਜ਼ਡਮ ਵਰਲਡ ਜੂਨੀਅਰ ਸਕੂਲ ਦੀ ਪਾਠ ਨਲ ਹੋਈ ਸ਼ੁਰੂਆਤ
ਵਿਜ਼ਡਮ ਵਰਲਡ ਜੂਨੀਅਰ ਸਕੂਲ ਦੀ ਸ਼ੁਰੂਆਤ ਮੌਕੇ ਕਰਵਾਇਆ ਧਾਰਮਿਕ ਸਮਾਗਮ
Publish Date: Sun, 08 Feb 2026 04:53 PM (IST)
Updated Date: Sun, 08 Feb 2026 04:56 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ’ਚ ਸਿੱਖਿਆ ਦੇ ਖੇਤਰ ਨੂੰ ਹੋਰ ਉਚਾਈਆਂ ‘ਤੇ ਲੈ ਜਾਂਦਿਆਂ ਵਿਜ਼ਡਮ ਵਰਲਡ ਸਕੂਲ ਨੇ ਆਪਣੀ ਨਵੀਂ ਤੇ ਆਧੁਨਿਕ ਸ਼ਾਖਾ ‘ਵਿਜ਼ਡਮ ਵਰਲਡ ਜੂਨੀਅਰ ਸਕੂਲ’ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਹ ਨਵਾਂ ਸੰਸਥਾਨ ਨੰਨੇ-ਮੁੰਨੇ ਬੱਚਿਆਂ ਦੀ ਪ੍ਰੀ-ਪ੍ਰਾਈਮਰੀ ਸਿੱਖਿਆ ਨੂੰ ਧਿਆਨ ’ਚ ਰੱਖਦਿਆਂ ਉੱਚ ਅਕਾਦਮਿਕ ਮਿਆਰ, ਆਧੁਨਿਕ ਸੋਚ ਤੇ ਮਜ਼ਬੂਤ ਨੈਤਿਕ ਮੁੱਲਾਂ ‘ਤੇ ਅਧਾਰਿਤ ਹੈ। ਇਸ ਮੌਕੇ ਨੂੰ ਸਕੂਲ ਪਰਿਸਰ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਸਮਾਗਮ ’ਚ ਸਕੂਲ ਦੇ ਮਾਣਯੋਗ ਚੇਅਰਮੈਨ ਜਸਵਿੰਦਰ ਸਿੰਘ, ਡਾਇਰੈਕਟਰ ਦਲਜੀਤ ਸਿੰਘ ਤੇ ਮਿਸਿਜ਼ ਮਨਦੀਪ ਕੌਰ ਦੀ ਅਗਵਾਈ ਹੇਠ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸਬੰਧੀਆਂ, ਸਮਾਜ ਦੇ ਪ੍ਰਮੁੱਖ ਵਿਅਕਤੀਆਂ ਤੇ ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਪੂਰੇ ਸਕੂਲ ਪਰਿਸਰ ’ਚ ਸ਼ਾਂਤੀ, ਸਕਾਰਾਤਮਕਤਾ ਤੇ ਆਤਮਿਕਤਾ ਦਾ ਮਾਹੌਲ ਬਣਿਆ ਰਹਿਆ ਤੇ ਨਵੇਂ ਸਕੂਲ ਦੀ ਤਰੱਕੀ ਤੇ ਸਫਲਤਾ ਲਈ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਨਵੇਂ ਮਾਪਿਆਂ ਨੂੰ ਸਕੂਲ ਦੇ ਢਾਂਚੇ, ਪਾਠਕ੍ਰਮ, ਅਧਿਆਪਨ ਪੱਧਤੀਆਂ ਤੇ ਬੱਚਿਆਂ ਦੀ ਦੇਖਭਾਲ ਸੰਬੰਧੀ ਵਿਵਸਥਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅੰਤ ’ਚ ਸਕੂਲ ਪ੍ਰਬੰਧਨ ਵੱਲੋਂ ਸਾਰੇ ਮਹਿਮਾਨਾਂ, ਮਾਪਿਆਂ ਤੇ ਸਟਾਫ਼ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਇਹ ਭਰੋਸਾ ਦਿਵਾਇਆ ਗਿਆ ਕਿ ਵਿਜ਼ਡਮ ਵਰਲਡ ਜੂਨੀਅਰ ਸਕੂਲ ਮੁਕਤਸਰ ’ਚ ਪ੍ਰੀ-ਪ੍ਰਾਈਮਰੀ ਸਿੱਖਿਆ ਦੇ ਖੇਤਰ ’ਚ ਇੱਕ ਨਵਾਂ ਮਿਆਰ ਸਥਾਪਿਤ ਕਰੇਗਾ।