ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਨੂੰ ਚਿਤਾਵਨੀ ਸਮੇਂ ਦੀ ਪੁਕਾਰ
ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਸਖ਼ਤ ਚਿਤਾਵਨੀ ਦੇਣਾ ਸਮੇਂ ਦੀ ਪੁਕਾਰ : ਗੁਰਦਾਸ ਗਿਰਧਰ
Publish Date: Mon, 02 Mar 2026 04:14 PM (IST)
Updated Date: Mon, 02 Mar 2026 04:16 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਰਨਾਲਾ ਦੀ ਕਾਂਗਰਸ ਮਹਾ ਰੈਲੀ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਦੀ ਹਾਜ਼ਰੀ ਵਿੱਚ ਸਟੇਜ ਤੋਂ ਸ਼ਰੇਆਮ ਚਿਤਾਵਨੀ ਦੇਣਾ ਇਸਤੋਂ ਵੱਡੀ ਮਿਸਾਲ ਮੈਂ ਆਪਣੇ 50 ਸਾਲ ਦੇ ਰਾਜਨੀਤਿਕ ਜੀਵਨ ਵਿੱਚ ਨਹੀਂ ਦੇਖੀ, ਕਿਉਂਕਿ ਮਿਰਗ ਤ੍ਰਿਸ਼ਨਾ ਅਤੇ ਕਿਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾ ਚੱਲਣਾ ਇਸਦਾ ਮੁੱਖ ਕਾਰਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦਾਸ ਗਿਰਧਰ ਸਾਬਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਪਾਰਟੀ ਨੂੰ ਇਕੱਠਾ ਲੈ ਕੇ ਚੱਲਣਾ ਤੇ ਚੋਣਾਂ ਵਿੱਚ ਸਫ਼ਲਤਾ ਪ੍ਰਾਪਤ ਕਰਨਾ ਮੁੱਖ ਨਿਸ਼ਾਨਾ ਹੁੰਦਾ ਹੈ, ਬਾਕੀ ਅਹੁਦੇਦਾਰੀਆਂ ਤਾਂ ਬਾਅਦ ਦੀ ਗੱਲ ਹੁੰਦੀ ਹੈ। ਪ੍ਰੰਤੂ ਬਿਨਾਂ ਪਾਣੀ ਤੋਂ ਮੌਜੇ ਲਾਉਣਾ ਕੋਈ ਅਕਲਮੰਦੀ ਦਾ ਸਬੂਤ ਨਹੀਂ। ਦਿਲ ਵੱਡਾ ਕਰਕੇ ਸਾਰਿਆਂ ਦਾ ਸਾਥ ਲੈ ਕੇ ਨਿਸ਼ਾਨੇ ਵੱਲ ਵੱਧਣ ਦੀ ਲੋੜ ਹੈ। ਚਾਰ ਕੋਨੇ ਮੁਕਾਬਲਿਆਂ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਸ ਤਰ੍ਹਾਂ ਦੇ ਸਮੀਕਰਨ ਬਣਨਗੇ। ਸੱਚੀ ਤਾਕਤ ਦਾ ਜ਼ਿਕਰ ਜੋ ਸਾਡੇ ਮਹਾਨ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਨੇ ਕੀਤਾ ਕਿ ਕਾਂਗਰਸ ਦਾ ਵਰਕਰ ਹੀ ਸਾਡੀ ਅਸਲੀ ਤਾਕਤ ਹਨ। ਵਰਕਰਾਂ ਦਾ ਮਨੋਬਲ ਤਾਂ ਹੀ ਵਧੇਗਾ ਜੇਕਰ ਸਾਡੀ ਲੀਡਰਸ਼ਿਪ ਇੱਕਮੁੱਠਤਾ ਨਾਲ ਚੱਲੇਗੀ। ਮਲਿਕਅਰਜਨ ਖੜਗੇ ਅਤੇ ਰਾਹੁਲ ਗਾਂਧੀ ਨੇ ਯੂਐਸ ਅਤੇ ਇੰਡੀਆ ਵਿਚਕਾਰ ਜੋ ਸੰਧੀ ਹੋਈ ਹੈ ਉਸ ਬਾਰੇ ਬੜੀ ਬਾਰੀਕੀ ਨਾਲ ਜਾਣੂ ਕਰਵਾਇਆ ਗਿਆ ਅਤੇ ਭਾਰਤ ਵਰਸ਼ ਦੀ ਕਿਰਸਾਨੀ ਤੇ ਵਪਾਰ ਤੇ ਜੋ ਅਗਾਮੀ ਅਸਰ ਪੈਂਦਾ ਹੈ ਉਸ ਤੋਂ ਜਾਣੂ ਕਰਵਾਇਆ ਗਿਆ।