ਸੜਕ ਸੁਰੱਖਿਆ ਤਹਿਤ 200 ਪਸ਼ੂਆਂ ਦੇ ਗਲਾਂ ’ਚ ਪਾਈਆਂ ਜਾਣਗੀਆਂ ਰੇਡੀਅਮ ਬੈਲਟਾਂ
ਸੜਕ ਸੁਰੱਖਿਆ ਮਹੀਨੇ ਦੌਰਾਨ 200 ਪਸ਼ੂਆਂ ਦੇ ਗਲਾਂ ’ਚ ਪਾਈਆਂ ਜਾਣਗੀਆਂ ਰੇਡੀਅਮ ਬੈਲਟਾਂ
Publish Date: Sat, 10 Jan 2026 04:25 PM (IST)
Updated Date: Sat, 10 Jan 2026 04:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੜਕ ਸੁਰੱਖਿਆ ’ਤੇ ਵੱਡੇ ਪੱਧਰ ’ਤੇ ਕੰਮ ਕਰ ਰਹੀ ਨੈਸ਼ਨਲ ਅਵਾਰਡੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬੀਤੇ ਦਿਨ 200 ਤੋਂ ਵੱਧ ਬੇਸਹਾਰਾ ਪਸ਼ੂਆਂ ਦੇ ਗਲਾਂ ’ਚ ਰੇਡੀਅਮ ਰਿਫਲੈਕਟਰ ਬੈਲਟਾਂ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਸਪ੍ਰੀਤ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਨੇ ਕਿਹਾ ਕਿ ਬਠਿੰਡਾ ਰੋਡ ਤੋਂ ਅਸੀਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਨੈਸ਼ਨਲ ਰੋਡ ਸੇਫਟੀ ਮੰਥ ਦੌਰਾਨ 200 ਪਸ਼ੂਆਂ ਦੇ ਗਲਾਂ ਵਿੱਚ ਰੇਡੀਅਮ ਬੈਲਟਾਂ ਪਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਪਸ਼ੂ ਸੜਕਾਂ ਉੱਪਰ ਰਾਤ ਸਮੇਂ ਝੁੰਡ ਬਣਾ ਕੇ ਖੜੋ ਜਾਂਦੇ ਹਨ, ਦੂਰੋਂ ਵਾਹਨ ਚਾਲਕਾਂ ਨੂੰ ਇਨ੍ਹਾਂ ਦੀ ਜਾਣਕਾਰੀ ਦਾ ਨਹੀਂ ਪਤਾ ਲੱਗਦਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਪਸ਼ੂਆਂ ਨੂੰ ਚੁਣਿਆ ਜਾ ਰਿਹਾ ਹੈ ਤਾਂ ਜੋ ਪਸ਼ੂਆਂ ਕਰਕੇ ਵਾਹਨ ਚਾਲਕਾਂ ਦੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਛਾਬੜਾ ਨੇ ਦੱਸਿਆ ਕਿ ਰੇਡੀਅਮ ਬੈਲਟ ਦੀ ਚਮਕ ਬਹੁਤ ਜਿਆਦਾ ਹੋਣ ਕਰਕੇ ਵਾਹਨ ਚਾਲਕ ਨੂੰ ਦੂਰੋਂ ਹੀ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ ਕਿ ਅੱਗੇ ਸੜਕ ’ਤੇ ਕੋਈ ਜਾਨਵਰ ਖੜਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਸਾਡੀ ਪਹਿਲੀ ਜਿੰਮੇਵਾਰੀ ਹੈ ਤੇ ਸਾਡੀ ਸੰਸਥਾ ਦੀ ਟੀਮ ਲਗਾਤਾਰ ਇਹ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ’ਚ ਡਾਕਟਰ ਵਿਜੇ ਬਜਾਜ, ਦੀਪਾਂਸ਼ੂ ਕੁਮਾਰ, ਦੀਪਾਂਸ਼ੂ ਮੈਨੀ, ਨਵਦੀਪ ਸਿੰਘ, ਡਾਕਟਰ ਸਾਗਰ ਕੁਮਾਰ, ਪਸ਼ੂਆਂ ਦੇ ਵਿਸ਼ੇਸ਼ ਡਾਕਟਰ ਵਿਕਰਮ ਕੁਮਾਰ, ਮਨਿੰਦਰ ਸਿੰਘ ਝਾਂਬ, ਵਾਸੂ ਕੁਮਾਰ, ਇਸ਼ਨਾਨ ਕੁਮਾਰ, ਮਦਨ ਲਾਲ, ਮਨਦੀਪ ਖੁਰਾਨਾ, ਨਰੇਸ਼ਕਾਂਤੀ, ਅਜੇ ਪਾਸੀ, ਜਸਪਾਲ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਵੱਧ ਚੜ ਕੇ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਵੱਲੋਂ ਚਲਾਏ ਗਏ ਜਾਗਰੂਕਤਾ ਅਭਿਆਨ ’ਚ ਸਾਡੇ ਨਾਲ ਜੁੜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਾਥ ਦੇਣ।