ਜੇਲ੍ਹ ’ਚ ਬੰਦ ਸਾਥੀਆਂ ਦੀ ਰਿਹਾਅ ਕਰੇ ਸਰਕਾਰ : ਕਮਲ ਕੁਮਾਰ
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ ਮੁਕਤਸਰ ਡਿੱਪੂ ਅੱਗ ਕੀਤੀ ਗੇਟ ਰੈਲੀ
Publish Date: Tue, 06 Jan 2026 04:09 PM (IST)
Updated Date: Tue, 06 Jan 2026 04:11 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਡੀਪੂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਬੋਲਦਿਆਂ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਟਾਲਮਟੋਲ ਦੀ ਨੀਤੀ ਅਪਣਾਉਂਦੀਆਂ ਰਹੀਆਂ ਹਨ। ‘ਆਪ’ ਸਰਕਾਰ ਨੇ ਵੀ ਚਾਰ ਸਾਲ ਬੀਤਣ ਦੇ ਬਾਵਜੂਦ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਸਿਰਫ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆਂ ਨੂੰ ਨਾਜਾਇਜ਼ ਪਰਚੇ ਪਾ ਕੇ 307 ਧਾਰਾਵਾਂ ਤਹਿਤ ਜੇਲਾਂ ’ਚ ਸੁੱਟਿਆ ਗਿਆ ਤੇ ਕੁੱਝ ਸਾਥੀ ਹਾਲੇ ਵੀ ਸੰਗਰੂਰ ਜੇਲ੍ਹ ’ਚ ਬੰਦ ਹਨ। ਜਨਰਲ ਸਕੱਤਰ ਗੁਰਸੇਵਕ ਸਿੰਘ ਸਿੰਘ ਨੇ ਆਖਿਆ ਕਿਹਾ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਵਿਭਾਗ ਦਾ ਕੀਤਾ ਜਾ ਰਿਹਾ ਨਿੱਜੀਕਰਨ ਦੀ ਲੜਾਈ ਨੂੰ ਲੈ ਕੇ ਕਰਮਚਾਰੀ ਸੰਘਰਸ਼ ਕਰ ਰਹੇ ਸੀ ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੁੱਕ ਕੇ ਜ਼ਬਰੀ ਹਿਰਾਸਤ ’ਚ ਲੈ ਕੇ ਵਰਕਰਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਗਿਆ ਤੇ ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ। 177 ਦੇ ਕਰੀਬ ਕਰਮਚਾਰੀਆਂ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹ ’ਚ ਬੰਦ ਕੀਤਾ ਗਿਆ ਅਤੇ 20 ਸਾਥੀਆਂ ਨੂੰ 307 ਤਹਿਤ ਜੇਲ੍ਹ ’ਚ ਬੰਦ ਕੀਤਾ ਗਿਆ ਜਿਸ ਵਿੱਚੋਂ ਸੰਗਰੂਰ ਵਿਖੇ ਅੱਜ ਵੀ 10 ਸਾਥੀ ਜੇਲ੍ਹ ’ਚ ਬੰਦ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ, ਵੱਖ-ਵੱਖ ਸਮਾਜਿਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਟੂਡੈਂਟਸ ਅਤੇ ਆਦਿ ਜੁਝਾਰੂ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਟਰਾਂਸਪੋਰਟ ਨੂੰ ਬਚਾਉਣ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਸਹਾਇਕ ਸੈਕਟਰੀ ਮਨਜੀਤ ਸਿੰਘ ਨੇ ਬੋਲਦਿਆਂ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿੱਲੇ ਲਾਕੇ ਡਿਊਟੀਆਂ ਕਰਨਗੇ ਅਤੇ ਅਜਾਦ ਦੇਸ਼ ’ਚ ਸਰਕਾਰ ਵਿਰੁੱਧ ਗੁਲਾਮ ਮੁਲਾਜਮ ਹੋਣ ਦਾ ਰੋਸ ਜਾਹਰ ਕਰਨਗੇ। ਜੇਕਰ ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾ ਨਾ ਮੰਨੀਆ ਅਤੇ ਸੰਗਰੂਰ ਜੇਲ੍ਹ ’ਚ ਨਜਾਇਜ ਬੰਦ ਸਾਥੀਆਂ ਨੂੰ ਤਰੁੰਤ ਰਿਹਾਅ ਨਹੀਂ ਕੀਤਾ ਗਿਆ ਤਾਂ 9 ਜਨਵਰੀ ਨੂੰ ਸੰਗਰੂਰ ਬੱਸ ਸਟੈਂਡ ਵਿਖੇ ਸ਼ਾਂਤਮਈ ਭਾਰੀ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।