ਜਲਘਰ ਦੀਆਂ ਡਿੱਗੀਆਂ ’ਚ ਫੁੱਟਪਾਥ ਦਾ ਗੰਦਾ ਪਾਣੀ ਪਾਉਣ ’ਤੇ ਰੋਸ
ਜਲਘਰ ਦੀਆਂ ਡਿੱਗੀਆਂ ’ਚ ਫੁੱਟਪਾਥ ਦਾ ਗੰਦਾ ਪਾਣੀ ਪਾਉਣ ਤੋਂ ਲੋਕਾਂ ’ਚ ਰੋਸ
Publish Date: Wed, 10 Jun 2026 03:51 PM (IST)
Updated Date: Wed, 10 Jun 2026 03:53 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਥੋਂ ਦੇ ਮੁੱਖ ਜਲ ਘਰ ਵੱਲੋਂ ਪਾਣੀ ਸਟੋਰ ਕਰਨ ਵਾਲੀਆਂ ਤਿੰਨੇ ਵੱਡੀਆਂ ਡਿੱਗੀਆਂ ਦੇ ਦੁਆਲੇ ਨਵੇਂ ਬਣਾਏ ਜਾ ਰਹੇ ਫੁੱਟਪਾਥ ਦਾ ਗੰਦਾ ਪਾਣੀ ਡਿੱਗੀਆਂ ਵਿੱਚ ਪਾਇਆ ਜਾ ਰਿਹਾ ਹੈ। ਇੰਨ੍ਹਾਂ ਡਿੱਗੀਆਂ ਦਾ ਪਾਣੀ ਹੀ ਪੀਣ ਵਾਸਤੇ ਘਰਾਂ ’ਚ ਭੇਜਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫੁੱਟਪਾਥ ਨਗਰ ਕੌਂਸਲ ਵੱਲੋਂ ਬਣਾਏ ਜਾ ਰਹੇ ਹਨ। ਵਿਭਾਗ ਦੀ ਅਣਗਹਿਲੀ ’ਤੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਸਵੰਤ ਸਿੰਘ ਭਾਗਸਰ, ਗੋਬਿੰਦ ਸਿੰਘ ਦਾਬੜਾ, ਗਗਨਦੀਪ ਗੋਇਲ, ਕ੍ਰਿਸ਼ਨ ਦੂਮੜਾ, ਬਲਜੀਤ ਸਿੰਘ ਅਰੋੜਾ ਅਤੇ ਕਾਮਰੇਡ ਖਰੈਤੀ ਲਾਲ ਹੋਰਾਂ ਨੇ ਦੱਸਿਆ ਕਿ ਵਾਟਰ ਵਰਕਸ ਦੀ ਚਾਰ ਦੀਵਾਰੀ ਦੇ ਅੰਦਰ ਸੈਂਕੜੇ ਅਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਤੇ ਡਿੱਗੀਆਂ ਦੁਆਲੇ ਬਣੇ ਫੁੱਟਪਾਥ ਉਪਰ ਗੋਹਾ ਅਤੇ ਮਲ-ਮੂਤਰ ਕਰਦੇ ਹਨ। ਇਹੀ ਗੰਦਗੀ ਬਾਰਸ਼ਾਂ ਦੇ ਪਾਣੀ ਨਾਲ ਘੁਲਕੇ ਡਿੱਗੀਆਂ ਵਿੱਚ ਜਾਵੇਗੀ ਅਤੇ ਅੱਗੋਂ ਪੀਣ ਵਾਲੇ ਪਾਣੀ ਨਾਲ ਘਰਾਂ ’ਚ ਜਾਵੇਗੀ। ਇਸ ਤਰ੍ਹਾਂ ਜ਼ਹਿਰੀ ਪਾਣੀ ਪੀਣ ਨਾਲ ਲੋਕਾਂ ’ਚ ਬਿਮਾਰੀਆਂ ਫੈਲਣਗੀਆਂ। ਸ਼ਹਿਰੀਆਂ ਨੇ ਰੋਸ ਜਾਹਿਰ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਸਵੱਛ ਪਾਣੀ ਦੇਣ ਲਈ ਜਿੰਮੇਵਾਰ ਅਧਿਕਾਰੀਆਂ ਦੀ ਨੱਕ ਥੱਲੇ ਹੀ ਗੰਦਗੀ ਡਿੱਗੀਆਂ ’ਚ ਪਾਉਣ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ। ਪਾਣੀ ਡਿੱਗੀਆਂ ’ਚ ਪਾਉਣ ਲਈ ਬਕਾਇਦਾ ਚੈਂਬਰ ਬਣਾਕੇ ਪਾਈਪਾਂ ਪਾਈਆਂ ਗਈਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਫੁੱਟਪਾਥ ਦਾ ਕੰਮ ਜੋ ਅਜੇ ਉਸਾਰੀ ਅਧੀਨ ਹੈ ਦਾ ਬਾਰਸ਼ਾਂ ਦਾ ਪਾਣੀ ਡਿੱਗੀਆਂ ’ਚ ਪਾਉਣ ਤੋਂ ਰੋਕਿਆ ਜਾਵੇ ਅਤੇ ਇਸਦੀ ਸੀਵਰੇਜ ’ਚ ਨਿਕਾਸੀ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਵਾਰਸ ਵਰਕਸ ’ਚ ਘੁੰਮਦੇ ਸੈਂਕੜੇ ਅਵਾਰਾ ਪਸ਼ੂਆਂ ਨੂੰ ਬਾਹਰ ਕੱਢਣ ਦੀ ਵੀ ਮੰਗ ਕੀਤੀ ਹੈ। ਅਵਾਰਾ ਪਸ਼ੂਆਂ ਦਾ ਮਸਲਾ ਛੇਤੀ ਹੱਲ ਹੋਵੇਗਾ : ਗਰਗ ਇਸ ਸਬੰਧੀ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨੇ ਦੱਸਿਆ ਕਿ ਇਹ ਫੁੱਟਪਾਥ ਨਗਰ ਕੌਂਸਲ ਬਣਾ ਰਹੀ ਹੈ। ਇਸ ਲਈ ਉਨ੍ਹਾਂ ਨੇ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਫੁੱਟਪਾਥ ਦਾ ਪਾਣੀ ਸੀਵਰੇਜ ’ਚ ਪਾਉਣ ਦੀ ਹਦਾਇਤ ਕਰ ਦਿੱਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਵਾਰਾ ਪਸ਼ੂਆਂ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇਗਾ।