ਐੱਨਕੇ ਜੀਤ ਦੀ ਯਾਦ ’ਚ ਜਨਤਕ ਜਥੇਬੰਦੀਆਂ ਵੱਲੋਂ ਇਕੱਤਰਤਾ
ਲੋਕ ਆਗੂ ਐਨ ਕੇ ਜੀਤ ਦੀ ਯਾਦ 'ਚ ਜਨਤਕ ਜਥੇਬੰਦੀਆਂ ਵੱਲੋਂ ਇਕੱਤਰਤਾ
Publish Date: Sat, 25 Apr 2026 04:30 PM (IST)
Updated Date: Sat, 25 Apr 2026 04:34 PM (IST)

- 29 ਅਪ੍ਰੈਲ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਣ ਦਾ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪਿਛਲੇ ਦਿਨੀਂ ਵਿਛੋੜਾ ਦੇ ਗਏ ਲੋਕ ਆਗੂ ਸਾਥੀ ਐਨ ਕੇ ਜੀਤ ਦੀ ਯਾਦ ਚ ਲੰਬੀ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਅੱਜ ਦੇਵੀ ਲਾਲ ਪਾਰਕ ਮੰਡੀ ਕਿੱਲਿਆਂਵਾਲੀ ਵਿਖੇ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਨੂੰ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਸਾਥੀ ਐੱਨਕੇ ਜੀਤ ਵੱਲੋਂ ਪੰਜ ਦਹਾਕੇ ਇਨਕਲਾਬੀ ਜਮਹੂਰੀ ਲਹਿਰ ਦੇ ਲੇਖੇ ਲਾਏ। ਉਨ੍ਹਾਂ ਵੱਲੋਂ ਕਿਸਾਨਾਂ, ਮਜ਼ਦੂਰਾਂ , ਮੁਲਾਜ਼ਮਾਂ,ਔਰਤਾਂ ਤੇ ਦਲਿਤਾਂ ਸਮੇਤ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਲਈ ਲੰਮੀ ਜੱਦੋਜਹਿਦ ਕੀਤੀ। ਉਹਨਾਂ ਆਖਿਆ ਕਿ ਸਾਥੀ ਐਨ ਕੇ ਜੀਤ ਵੱਲੋਂ ਵੱਲੋਂ ਲੁੱਟ ਰਹਿਤ ਸਮਾਜ ਸਿਰਜਣ ਦੇ ਲਈ ਲੋਕਾਂ ਸਾਹਮਣੇ ਮੌਜੂਦਾ ਲੁਟੇਰੇ ਰਾਜ ਪ੍ਰਬੰਧ ਦਾ ਇਨਕਲਾਬੀ ਬਦਲ ਉਭਰਨ ਤੋਂ ਲੈ ਕੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਚ ਨਿਡਰ ਤੇ ਧੜੱਲੇਦਾਰ ਵਕੀਲ ਵਜੋਂ ਵੀ ਅਹਿਮ ਯੋਗਦਾਨ ਪਾਇਆ। ਹਕੂਮਤੀ ਜਬਰ ਅਤੇ ਫਿਰਕੂ ਦਹਿਸ਼ਤਗਰਦੀ ਦੇ ਦੌਰ ਅੰਦਰ ਵੀ ਉਹ ਬੇਖੌਫ ਹੋ ਕੇ ਜੂਝਣ ਵਾਲੇ ਜੁਝਾਰੂਆਂ ’ਚ ਸ਼ੁਮਾਰ ਸਨ। ਉਨ੍ਹਾਂ ਆਖਿਆ ਕਿ ਆਦਿਵਾਸੀ ਇਲਾਕਿਆਂ ’ਚ ਵਿਕਾਸ ਦੇ ਨਾਂਅ ਹੇਠ ਹਕੂਮਤਾਂ ਵੱਲੋਂ ਆਦਿਵਾਸੀ ਲੋਕਾਂ ਅਤੇ ਉਨ੍ਹਾਂ ਦੇ ਹਮਾਇਤੀਆਂ ’ਤੇ ਪੁਲਿਸ ਅਤੇ ਅਰਧਸੈਨਿਕ ਬਲਾਂ ਵੱਲੋਂ ਢਾਹੇ ਜਾ ਰਹੇ ਜ਼ਬਰ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਕਈ ਵਾਰ ਇਨ੍ਹਾਂ ਖੇਤਰਾਂ ਦਾ ਦੌਰਾ ਕਰਕੇ ਤੱਥ ਖੋਜ ਰਿਪੋਰਟਾਂ ਵੀ ਲਿਖੀਆਂ। ਉਨ੍ਹਾਂ ਆਖਿਆ ਐਨ ਕੇ ਜੀਤ ਦੇ ਵਿਛੋੜੇ ਨਾਲ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਜੁੜੇ ਸਭਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਥੀ ਐਨ ਕੇ ਜੀਤ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ 29 ਅਪ੍ਰੈਲ ਨੂੰ ਲਾਰਡ ਰਾਮਾਂ ਹਾਲ ਬਠਿੰਡਾ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਚ ਵੱਡੀ ਗਿਣਤੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਅੱਜ ਦੀ ਇਕੱਤਰਤਾ ਵਿੱਚ ਟੀਐਸਯੂ ਦੇ ਆਗੂ ਸਤਪਾਲ ਬਾਦਲ, ਪੈਨਸ਼ਨਰ ਐਸੋਸ਼ੀਏਸ਼ਨ ਦੇ ਆਗੂ ਦਿਲਾਵਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਆਗੂ ਪਵਨ ਕੁਮਾਰ, ਖੇਤ ਮਜ਼ਦੂਰ ਆਗੂ ਤਾਰਾਵੰਤੀ ਕਿੱਲਿਆਂਵਾਲੀ,ਕਾਲਾ ਸਿੰਘ ਸਿੰਘੇਵਾਲਾ, ਕਿਸਾਨ ਆਗੂ ਮਲਕੀਤ ਸਿੰਘ ਗੱਗੜ, ਹਰਪਾਲ ਸਿੰਘ ਕਿੱਲਿਆਂਵਾਲੀ, ਭੋਲਾ ਸਿੰਘ ਡੱਬਵਾਲੀ ਤੇ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਆਗੂ ਵਰਕਰ ਮੌਜੂਦ ਸਨ।