ਪੀਐਸਪੀਸੀਐਲ ਪੈਨਸ਼ਨਰਜ਼ ਵੱਲੋਂ 12 ਦੀ ਹੜਤਾਲ ਲਈ ਤਿਆਰੀਆਂ ’ਤੇ ਚਰਚਾ
ਪੀਐਸਪੀਸੀਐਲ ਪੈਨਸ਼ਨਰਜ਼ ਦੀ ਮੀਟਿੰਗ ’ਚ 12 ਫਰਵਰੀ ਹੜਤਾਲ ਲਈ ਤਿਆਰੀਆਂ ’ਤੇ ਚਰਚਾ
Publish Date: Sat, 07 Feb 2026 03:32 PM (IST)
Updated Date: Sat, 07 Feb 2026 03:35 PM (IST)

ਵਰਿੰਦਰ ਬੱਬੂ, ਪੰਜਾਬੀ ਜਾਗਰਣ ਮਲੋਟ : ਪੀਐਸਪੀਸੀਐਲ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੋਟ ਦੀ ਮਹੀਨਾਵਾਰ ਜਨਰਲ ਮੀਟਿੰਗ 66 ਕੇਵੀ ਪੁਰਾਣੇ ਬਿਜਲੀ ਘਰ ਵਿਖੇ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਕੱਤਰ ਮੋੜਾ ਸਿੰਘ ਵੱਲੋਂ ਏਜੰਡੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੀਟਿੰਗ ’ਚ ਸਟੇਟ ਕਮੇਟੀ ਪੰਜਾਬ ਅਤੇ ਸਾਂਝੇ ਫਰੰਟ ਵੱਲੋਂ ਜਾਰੀ ਕੀਤੇ ਪ੍ਰੋਗਰਾਮਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ 23 ਜਨਵਰੀ 2026 ਨੂੰ ਸਰਕਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਕਨਵੈਨਸ਼ਨ ਬਾਰੇ ਵੀ ਚਰਚਾ ਕੀਤੀ ਗਈ, ਜਿਸ ’ਚ ਮਲੋਟ, ਅਬੋਹਰ, ਫਾਜ਼ਿਲਕਾ, ਗਿੱਦੜਬਾਹਾ ਅਤੇ ਬਾਦਲ ਡਵੀਜ਼ਨਾਂ ਦੇ ਆਗੂਆਂ ਅਤੇ ਵਰਕਰਾਂ ਨੇ ਹਾਜ਼ਰੀ ਭਰੀ ਸੀ। ਹਾਲਾਂਕਿ ਮੀਟਿੰਗ ਦੌਰਾਨ ਇਹ ਘਾਟ ਮਹਿਸੂਸ ਕੀਤੀ ਗਈ ਕਿ ਸਟੇਟ ਪੱਧਰ ਦੇ ਆਗੂ ਇਸ ਕਨਵੈਨਸ਼ਨ ’ਚ ਸ਼ਾਮਲ ਨਹੀਂ ਹੋ ਸਕੇ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ 12 ਫਰਵਰੀ 2026 ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ’ਚ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੋਟ ਵੱਲੋਂ ਪੂਰੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਐਸੋਸੀਏਸ਼ਨ ਵੱਲੋਂ ਸਰਕਾਰ ਕੋਲ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ 16 ਫੀਸਦੀ ਡੀਏ ਤੁਰੰਤ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ ਅਤੇ 23 ਸਾਲਾ ਸਕੇਲ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇ। ਇਸਦੇ ਨਾਲ ਹੀ ਬਿਜਲੀ ਸੋਧ ਬਿਲ 2025 ਨੂੰ ਰੱਦ ਕਰਨ ਦੀ ਮੰਗ ਵੀ ਉਠਾਈ ਗਈ। ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੱਕੜ, ਸਕੱਤਰ ਮੋੜਾ ਸਿੰਘ, ਜਥੇਬੰਦਕ ਸਕੱਤਰ ਹਰਜੀਤ ਸਿੰਘ, ਮੀਤ ਪ੍ਰਧਾਨ ਬੰਤਾ ਸਿੰਘ, ਆਡੀਟਰ ਬਿੰਦਰ ਸਿੰਘ, ਬਲਜੀਤ ਸਿੰਘ ਔਲਖ ਅਤੇ ਵਿੱਤ ਸਕੱਤਰ ਦੇਸ ਰਾਜ ਸਮੇਤ ਹੋਰ ਮੈਂਬਰ ਮੌਜੂਦ ਸਨ।