- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਸਲਾਂ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ 6 ਅਪ੍ਰੈਲ ਨੂੰ ਡੀਸੀ ਦਫਤਰ ਅੱਗੇ ਦਿੱਤਾ ਜਾਵੇਗਾ ਧਰਨਾ : ਐਸਕੇਐਮ ਆਗੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀ ਜਿਲੇ ਭਰ ’ਚ ਹੋਈ ਭਾਰੀ ਬਾਰਿਸ਼, ਝੱਖੜ ਅਤੇ ਗੜੇਮਾਰੀ ਕਾਰਨ ਖੇਤੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਗਿੱਦੜਬਾਹਾ ਬਲਾਕ ਦੇ ਪਿੰਡ ਕੋਟਲੀ ਅਬਲੂ, ਕੋਠੇ ਢਾਬਾਂ ਵਾਲੇ, ਕੋਠੇ ਰਾਮਸਰ ਵਾਲੇ, ਕੋਠੇ ਹਜੂਰਾ ਸਿੰਘ ਵਾਲੇ, ਕੋਠੇ ਫੁੰਮਣ ਸਿੰਘ ਵਾਲੇ, ਕੋਠੇ ਦੁਲਚੀਆਣਾ, ਮਲੋਟ ਦੇ ਪਿੰਡ ਕੱਟਿਆਂਵਾਲੀ, ਬੋਦੀਵਾਲਾ ਖੜਕ ਸਿੰਘ, ਭਲੇਰੀਆਂ ਮੁਕਤਸਰ ਦੇ ਪਿੰਡ ਭਾਗਸਰ, ਗੰਧੜ, ਲੱਖੇਵਾਲੀ ਸਮੇਤ ਅਨੇਕਾਂ ਪਿੰਡਾਂ ਵਿੱਚ ਕਣਕ, ਸਬਜੀਆਂ ਹਰਾ ਚਾਰਾ, ਫਲਾਂ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਕੁਦਰਤੀ ਆਫਤ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਪੱਕੀਆਂ ਫਸਲਾਂ ਨਾਲ ਜੁੜੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਬੀਕੇਯੂ ਲੱਖੋਵਾਲ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜਿਲ੍ਹਾ ਪ੍ਰਧਾਨ ਜੱਥੇਦਾਰ ਪੂਰਨ ਸਿੰਘ ਵੱਟੂ, ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਕੋਟਲੀ ਦਿਉਣ, ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਖੁੱਡੀਆਂ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਪਾਲ ਸਿੰਘ ਭਲੇਰੀਆਂ ਬੀਕੇਯੂ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ, ਪੰਜਾਬ ਕਿਸਾਨ ਯੂਨੀਅਨ ਦੇ ਬੁਲਾਰੇ ਜਰਨੈਲ ਸਿੰਘ ਰੋੜਾਂਵਾਲਾ, ਬੀਕੇਯੂ (ਬੋਘ ਮਾਨਸਾ) ਦੇ ਜਿਲ੍ਹਾ ਜਥੇਦਾਰ ਬਲਜਿੰਦਰ ਸਿੰਘ ਗੁਰੂਸਰ, ਕੁਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਵਣਵਾਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਜਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ ਨੇ ਬੋਲਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦੱਬੇ ਹੋਏ ਹਨ ਪਰ ਦੇਰ ਰਾਤ ਜ਼ਿਲ੍ਹੇ ’ਚ ਹੋਈ ਗੜੇਮਾਰੀ ਨਾਲ ਕਣਕ ਦੀ ਫਸਲ ਦੀ ਵੱਡੇ ਪੱਧਰ ’ਤੇ ਤਬਾਈ ਹੋਈ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਇਸ ਲਈ ਉਨਾਂ ਦੇ ਸਿਰ ਤੇ ਇਹ ਦੂਹਰੀ ਮਾਰ ਪੈ ਗਈ ਹੈ। ਕਿਉਂਕਿ ਪਿਛਲੇ ਝੋਨੇ ਤੇ ਸੀਜਨ ਦੌਰਾਨ ਝਾੜ ਕਾਫੀ ਘੱਟ ਨਿਕਲਣ ਕਰਕੇ ਵੱਡਾ ਘਾਟਾ ਪਿਆ ਸੀ। ਆਗੂਆਂ ਨੇ ਕਿਹਾ ਕਿਸਾਨਾਂ ਦੀਆਂ 100 ਫੀਸਦੀ ਤੱਕ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਜਦ ਕਿ ਬਾਕੀ ਪਿੰਡਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ ਅਤੇ ਤਬਾਹ ਹੋਈਆਂ ਫਸਲਾਂ ਦਾ 60 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨੁਕਸਾਨੀਆਂ ਫਸਲਾਂ ਦੀ ਤੁਰੰਤ ਵਿਸ਼ੇਸ਼ ਤੌਰ ਤੇ ਗਰਦੌਰੀ ਕਰਾ ਕੇ 60 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਹਾਇਤਾ ਰਾਸ਼ੀ ਦਿੱਤੀ ਜਾਵੇ । ਇਸ ਤੋਂ ਇਲਾਵਾ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਫਸਲੀ ਬੀਮਾਂ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ 6 ਅਪ੍ਰੈਲ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਦਫਤਰ ਅੱਗੇ 11 ਵਜੇ ਤੋਂ 2 ਵਜੇ ਤੱਕ ਅੱਗੇ ਧਰਨਾ ਦੇ ਕੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਧਰਨੇ ’ਚ ਪਹੁੰਚਣ।