ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Fri, 13 Mar 2026 04:00 PM (IST)
Updated Date: Fri, 13 Mar 2026 04:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਾਵਰਾਕਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਬੱਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੌਰਾਨ ਸਰਕਲ ਪ੍ਰਧਾਨ ਕੇਸਰ ਸਿੰਘ, ਸਰਕਲ ਸਕੱਤਰ ਮਨਜਿੰਦਰ ਸਿੰਘ, ਜੁਆਇੰਟ ਸਕੱਤਰ ਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ, ਰਾਹੁਲ ਕੁਮਾਰ, ਗੁਰਲਾਲ ਸਿੰਘ ਮੋਰਚੇ ਦੇ ਜਿਲ੍ਹਾ ਆਗੂਆਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਤਾਇਨਾਤ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਪੰਜਾਬ ਦੇ ਵਿਧਾਇਕਾਂ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਪਿਛਲੇ ਲੰਬੇ ਅਰਸੇ ਤੋਂ ਲਮਕ ਰਹੀਆਂ ਹਨ ਉਨ੍ਹਾਂ ਦਾ ਇਸ ਵਿਧਾਨ ਸਭਾ ਇਜਲਾਸ ਵਿੱਚ ਹੱਲ ਕਰਕੇ ਚੋਣਾਂ ਸਮੇਂ ਸਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਮੌਜੂਦਾ ਸਰਕਾਰ ਵਲੋਂ ਆਪਣੇ ਆਖ਼ਰੀ ਬਜਟ ਸੈਸ਼ਨ ’ਚ ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਅਤੇ ਭੇਜੀ ਗਈ ਅਪੀਲ ਨੂੰ ਠੁਕਰਾ ਕੇ ਪੰਜਾਬ ਸਰਕਾਰ ਵੱਲੋਂ ਆਪਣੀ ਮੁਲਾਜ਼ਮ ਵਿਰੋਧੀ ਖਸਲਤ ਦਾ ਨੰਗਾ ਚਿੱਟਾ ਪ੍ਰਗਟਾਵਾ ਕੀਤਾ ਹੈ। ਇਸ ਹਾਲਤ ਵਿੱਚ ਮੁਲਾਜ਼ਮਾਂ ਕੋਲ ਆਪਣੀਆਂ ਮੰਗਾਂ ਦੇ ਹੱਲ ਦਾ ਇਕੋ ਇਕ ਸੰਘਰਸ਼ ਦਾ ਰਾਹ ਬਾਕੀ ਹੈ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ। ਆਗੂਆਂ ਵਲੋਂ ਆਪਣੇ ਸੰਘਰਸ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਮੋਰਚਾ ਅਗਲੇ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਨੂੰ ਤੇਜ ਕਰੇਗਾ। 23 ਮਾਰਚ ਵਾਲੇ ਦਿਨ ਆਪਣੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਕਾਰਪੋਰੇਟ ਲੁੱਟ ਵਿਰੁੱਧ ਪਹਿਲਾਂ ਤੋਂ ਜਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਕੀਤਾ ਜਾਵੇਗਾ। 22 ਮਾਰਚ ਤੋਂ ਦਿੜ੍ਹਬਾ ਹਲਕੇ ’ਚ ਝੰਡਾ ਮਾਰਚ ਕਰਕੇ ਮੁਲਾਜ਼ਮ ਮਸਲਿਆਂ ਦੇ ਹੱਲ ਲਈ ਬਣੀ ਸਬ ਕਮੇਟੀ ਅਤੇ ਵਿੱਤ ਮੰਤਰੀ ਪੰਜਾਬ ਦੇ ਹਲਕੇ ਦਿੜ੍ਹਬਾ ’ਚ 5 ਅਪ੍ਰੈਲ ਤੱਕ ਵੱਡੇ ਇਕੱਠ ਕਰਕੇ ਪਿੰਡਾਂ ’ਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਸਮੇਤ ਸਬ ਕਮੇਟੀ ਦੇ ਪਿਛਲੇ ਚਾਰ ਸਾਲਾਂ ਦੇ ਠੇਕਾ ਮੁਲਾਜ਼ਮਾਂ ਨਾਲ ਕੀਤੇ ਝੂਠ ਧੋਖੇ ਅਤੇ ਪਾਟਕ ਪਾਊ ਦੰਭੀ ਵਿਹਾਰ ਦਾ ਲੋਕ ਸੱਥ ’ਚ ਉਧੇੜ ਕਰਕੇ ਭਵਿੱਖ ਦੇ ਵਿਸ਼ਾਲ ਏਕਤਾ ਵਾਲੇ ਸਾਂਝੇ ਸੰਘਰਸ਼ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਵਿਚ ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਰਣਜੀਤ ਸਿੰਘ ,ਸੁਖਜਿੰਦਰ ਸਿੰਘ ਆਦਿ ਸਾਥੀਆਂ ਨੇ ਸ਼ਮੂਲੀਅਤ ਕੀਤੀ।