- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਸਮੱਸਿਆ ਤੋਂ ਭੜਕੇ ਲੋਕਾਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਾਗਵਾਲੀ ਗਲੀ ’ਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਸੀਵਰੇਜ ਦੀ ਸਮੱਸਿਆ ਤੋਂ ਭੜਕੇ ਲੋਕਾਂ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਗਲੀ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਹੱਲਾ ਨਿਵਾਸੀਆਂ ਨੇ ‘ਆਪ’ ਸਰਕਾਰ ਅਤੇ ‘ਆਪ’ ਆਗੂਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਪ੍ਰਸ਼ਾਸਨ ਵੱਲੋਂ ਹਰ ਵਾਰ ਆਰਜ਼ੀ ਤੌਰ ’ਤੇ ਮਸ਼ੀਨਾਂ ਲਗਵਾ ਕੇ ਪਾਣੀ ਕਢਵਾ ਦਿੱਤਾ ਜਾਂਦਾ ਹੈ, ਪਰ ਇਸ ਸਮੱਸਿਆ ਦਾ ਸਥਾਈ ਹੱਲ ਅੱਜ ਤੱਕ ਨਹੀਂ ਹੋ ਸਕਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਤੱਕ ਸਮੱਸਿਆ ਦਾ ਹੱਲ ਨਾ ਹੋਇਆ ਅਤੇ ਗਲੀ ਵਿੱਚੋਂ ਸਾਰਾ ਪਾਣੀ ਨਾ ਨਿਕਲਿਆ ਤਾਂ ਉਹ ਸ਼ਨੀਵਾਰ ਨੂੰ ਓਵਰਬ੍ਰਿਜ ’ਤੇ ਜਾਮ ਲਗਾਉਣਗੇ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਗੋਰਾ ਪਠੇਲਾ ਨੇ ਕਿਹਾ ਕਿ ਇਹ ਸਮੱਸਿਆ ਅੱਜ ਤੋਂ ਨਹੀਂ ਸਗੋਂ ਸਾਲਾਂ ਤੋਂ ਚੱਲੀ ਆ ਰਹੀ ਹੈ। ਹਰ ਦੂਜੇ-ਤੀਜੇ ਦਿਨ ਹੀ ਬਾਗਵਾਲੀ ਗਲੀ ਜਾਂ ਇਸ ਦੇ ਆਸ-ਪਾਸ ਦੀਆਂ ਗਲੀਆਂ ’ਚ ਸੀਵਰੇਜ ਦਾ ਪਾਣੀ ਭਰ ਜਾਂਦਾ ਹੈ। ਜਦੋਂ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਵੇਗਾ, ਉਦੋਂ ਤੱਕ ਮੁਸ਼ਕਲ ਖ਼ਤਮ ਨਹੀਂ ਹੋ ਸਕਦੀ। ਬਾਗਵਾਲੀ ਗਲੀ ਵਿੱਚ ਬਣੇ ਸ੍ਰੀ ਬਾਲਾ ਜੀ ਮੰਦਰ ਦੇ ਪੁਜਾਰੀ ਪੰਡਿਤ ਗੁਲਸ਼ਨ ਸ਼ਰਮਾ ਨੇ ਕਿਹਾ ਕਿ ਗਲੀ ਵਿੱਚ ਮੰਦਰ ਹੋਣ ਕਾਰਨ ਅਕਸਰ ਸ਼ਰਧਾਲੂਆਂ ਦੀ ਆਮਦ ਬਣੀ ਰਹਿੰਦੀ ਹੈ। ਪਰ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿਣ ਕਾਰਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਗਲੀ ਨਿਵਾਸੀ ਸੰਜੀਵ ਕੁਮਾਰ ਚਲਾਨਾ ਨੇ ਦੱਸਿਆ ਕਿ 25 ਅਪ੍ਰੈਲ (ਸ਼ਨੀਵਾਰ) ਨੂੰ ਉਨ੍ਹਾਂ ਦੇ ਸਪੁੱਤਰ ਆਕਾਸ਼ ਕੁਮਾਰ ਚਲਾਨਾ ਦਾ ਵਿਆਹ ਹੈ ਅਤੇ ਅੱਜ ਮਹਿਲਾ ਸੰਗੀਤ ਸੀ। ਸੀਵਰੇਜ ਦੇ ਗੰਦੇ ਪਾਣੀ ਕਾਰਨ ਜਿੱਥੇ ਵਿਆਹ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਹਨ, ਉੱਥੇ ਹੀ ਮਹਿਲਾ ਸੰਗੀਤ ਵਿੱਚ ਵੀ ਲੋਕ ਬਹੁਤ ਘੱਟ ਆਏ ਹਨ ਕਿਉਂਕਿ ਗੰਦੇ ਪਾਣੀ ਕਾਰਨ ਹਰ ਕੋਈ ਆਉਣ ਤੋਂ ਕਤਰਾ ਰਿਹਾ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਵਿਆਹ ਵਾਲੇ ਦਿਨ ਵੀ ਉਨ੍ਹਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਹੀ ਬਰਾਤ ਲੈ ਕੇ ਜਾਣੀ ਪਵੇਗੀ।