ਸਿਵਲ ਸਰਜਨ ਡਾ. ਬਾਂਸਲ ਨੇ ਦਿੱਤਾ ‘ਹੈਲਥ ਫਾਰ ਆਲ’ ਦਾ ਸੰਦੇਸ਼
ਵਿਸ਼ਵ ਸਿਹਤ ਦਿਵਸ ਮੌਕੇ ਬਾਬਾ ਨਾਮਦੇਵ ਭਵਨ ’ਚ ਪ੍ਰੋਗਰਾਮ
Publish Date: Tue, 07 Apr 2026 03:17 PM (IST)
Updated Date: Tue, 07 Apr 2026 03:20 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਵਿਸ਼ਵ ਸਿਹਤ ਦਿਵਸ ਮੌਕੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਹੇਠ ਥਾਂਦੇਵਾਲਾ ਰੋਡ ’ਤੇ ਸਥਿਤ ਬਾਬਾ ਨਾਮਦੇਵ ਭਵਨ ’ਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਕੀਤੀ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਦੌਰਾਨ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ‘ਸਭ ਲਈ ਸਿਹਤ’ (Health for All) ਵਿਸ਼ੇ ’ਤੇ ਸੈਮੀਨਾਰ ਕਰਕੇ ਸੰਤੁਲਿਤ ਖੁਰਾਕ, ਸਮੇਂ-ਸਮੇਂ ’ਤੇ ਜਾਂਚ ਅਤੇ ਨਿਯਮਿਤ ਵਿਆਯਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸਤੋਂ ਇਲਾਵਾ ਮਰੀਜ਼ਾਂ ਲਈ ਖਾਸ ਓਪੀਡੀ ਦੇ ਤਹਿਤ ਮੁਫ਼ਤ ਸਲਾਹ ਸੇਵਾਵਾਂ ਵੀ ਦਿੱਤੀਆਂ ਗਈਆਂ, ਜਿਸਦਾ ਕਾਫੀ ਲੋਕਾਂ ਨੇ ਲਾਭ ਲਿਆ। ਇਸ ਮੌਕੇ ਸਫਾਈ ਅਭਿਆਨ ਚਲਾ ਕੇ ਸਫਾਈ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਯੋਗਾ ਅਤੇ ਵਿਆਯਾਮ ਸੈਸ਼ਨ ਵੀ ਕਰਵਾਏ ਗਏ। ਪ੍ਰੋਗਰਾਮ ’ਚ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ, ਜਿਨ੍ਹਾਂ ’ਚ ਡਾ. ਅਰਪਨਦੀਪ ਸਿੰਘ, ਭਗਵਾਨ ਦਾਸ (ਜ਼ਿਲ੍ਹਾ ਸਿਹਤ ਇੰਸਪੈਕਟਰ), ਵਕੀਲ ਸਿੰਘ, ਐਮਪੀਡਬਲਿਊ ਰਸ਼ਪਾਲ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਕੌਰ, ਇੰਦਰਜੀਤ ਕੌਰ, ਰਾਜਬਿੰਦਰ ਕੌਰ (ਆਸ਼ਾ) ਸਮੇਤ ਹੋਰ ਸਟਾਫ ਸ਼ਾਮਲ ਰਿਹਾ। ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਸਿਹਤ ਹੀ ਸਭ ਤੋਂ ਵੱਡੀ ਦੌਲਤ ਹੈ, ਇਸ ਲਈ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ।