ਏਐਸਆਈ ਬਣਨ ਤੇ ਪ੍ਰਿਤਪਾਲ ਕਿੰਗਰਾ ਦਾ ਸਨਮਾਨ
ਏਐਸਆਈ ਬਣਨ ਤੇ ਪ੍ਰਿਤਪਾਲ ਕਿੰਗਰਾ ਦਾ ਕਲੱਬ ਵੱਲੋਂ ਕੀਤਾ ਸਨਮਾਨ
Publish Date: Sat, 17 Jan 2026 03:36 PM (IST)
Updated Date: Sat, 17 Jan 2026 03:39 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਗੰਗਾ ਰਾਮ ਕੁਸ਼ਤੀ ਕਲੱਬ ਅਖਾੜਾ ਗਿੱਦੜਬਾਹਾ ਵੱਲੋਂ ਕੁਸ਼ਤੀ ਕਲੱਬ ਦੇ ਸਾਬਕਾ ਖਿਡਾਰੀ ਪ੍ਰਿਤਪਾਲ ਸਿੰਘ ਕਿੰਗਰਾ ਨੂੰ ਵਿਭਾਗ ਵੱਲੋਂ ਪਦ ਉਨਤੀ ਕਰਕੇ ਏਐਸਆਈ ਬਣਨ ’ਤੇ ਸਿਰੋਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿਤਪਾਲ ਕਿੰਗਰਾ ਨੇ ਸਮੂਹ ਕਲੱਬ ਦੇ ਅਹੁਦੇਦਾਰਾਂ ਮੈਂਬਰਾਂ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਇਸ ਅਖਾੜੇ ਦੀ ਬਦੌਲਤ ਹੀ ਅੱਜ ਇਸ ਪਦਵੀ ’ਤੇ ਪਹੁੰਚਿਆ ਹੈ। ਉਨ੍ਹਾਂ ਖਿਡਾਰੀਆਂ ਨੂੰ ਲਗਨ ਨਾਲ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿਤਪਾਲ ਕਿੰਗਰਾ ਦੀ ਤਰੱਕੀ ਲਈ ਖੁਸ਼ੀ ਸਾਂਝੀ ਕਰਦੇ ਹੋਏ ਗੁਰਪ੍ਰੀਤ ਸਿੰਘ ਭਲਵਾਨ ਕੋਚ ਕੁਸ਼ਤੀ ਕਲੱਬ ਅਤੇ ਮਾਧੋਦਾਸ ਸਿੰਘ ਖਾਲਸਾ ਨੇ ਦੱਸਿਆ ਕਿ ਹਰ ਖਿਡਾਰੀ ਅਖਾੜੇ ਦੀ ਸ਼ਾਨ ਹਨ ਅਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਹੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਪ੍ਰਸਤ ਬਲਵੀਰ ਸਿੰਘ, ਚੇਅਰਮੈਨ ਬਲਰਾਜ ਸਿੰਘ ਮਾਨ, ਪ੍ਰਧਾਨ ਹਰਿਮੰਦਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਖੁਸ਼ਵੰਤ ਸਿੰਘ, ਗੁਰਚਰਨ ਸਿੰਘ, ਕੱਕੂ ਨੰਬਰਦਾਰ, ਸੂਬਾ ਸਿੰਘ, ਕਮਰਜੀਤ ਸਿੰਘ ਕੰਗ, ਖੁਸ਼ਪਾਲ ਸਿੰਘ, ਅਜੇ ਯਾਦਵ, ਹਰਮੇਲ ਸਿੰਘ , ਪਵਨੀਤ ਵਰਮਾ, ਜਸਵੀਰ ਸਿੰਘ ਖਾਲਸਾ, ਸਤਨਾਮ ਸਿੰਘ ਤੋਂ ਇਲਾਵਾ ਸਮੂਹ ਮੈਂਬਰ ਅਤੇ ਖਿਡਾਰੀ ਹਾਜ਼ਰ ਸਨ।