ਮਾਘੀ ਮੇਲੇ ਦੀਆਂ ਤਿਆਰੀਆਂ ਢਿੱਲੀਆਂ, ਸੜਕ ਨਿਰਮਾਣ ਦੇ ਕੰਮ ’ਚ ਹੋ ਰਹੀ ਹੈ ਦੇਰੀ
ਮਾਘੀ ਮੇਲੇ ਦੀਆਂ ਤਿਆਰੀਆਂ ਢਿੱਲੀਆਂ, ਸੜਕ ਨਿਰਮਾਣ ਦੇ ਕੰਮ ’ਚ ਹੋ ਰਹੀ ਹੈ ਦੇਰੀ
Publish Date: Fri, 02 Jan 2026 05:28 PM (IST)
Updated Date: Fri, 02 Jan 2026 05:29 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹੀਦੀ ਜੋੜ ਮੇਲ ਮਾਘੀ ਨੇੜੇ ਆ ਰਿਹਾ ਪਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਿਆਰੀਆਂ ਕਾਫ਼ੀ ਢਿੱਲੀਆਂ ਜਾਪਦੀਆਂ ਹਨ। ਮੁਕਤਸਰ-ਬਠਿੰਡਾ ਰੋਡ ਬਾਈਪਾਸ ਤੇ ਡੀਸੀ ਦਫ਼ਤਰ ਦੇ ਬਾਹਰ ਸੜਕ ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਪਿਛਲੇ 15 ਦਿਨਾਂ ਤੋਂ ਚੱਲ ਰਿਹਾ ਹੈ, ਪਰ ਕੰਮ ਦੀ ਬਹੁਤ ਹੀ ਢਿੱਲੀ ਰਫ਼ਤਾਰ ਕਾਰਨ ਇਹ ਸੰਭਾਵਨਾ ਘੱਟ ਜਾਪਦੀ ਹੈ ਕਿ ਇਹ ਮਾਘੀ ਮੇਲੇ ਤੱਕ ਪੂਰਾ ਹੋ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਨੂੰ ਸਮਰਪਿਤ ਮੁਕਤ-ਏ-ਮੀਨਾਰ ਪਾਰਕ ਵੀ ਇਸ ਸੜਕ ’ਤੇ ਬਣਿਆ ਹੋਇਆ ਹੈ ਜਿੱਥੇ ਮਾਘੀ ਮੇਲੇ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਇਕੱਠੇ ਹੁੰਦੇ ਹਨ, ਇੱਥੇ ਹੀ ਸੜਕ ਦਾ ਨਿਰਮਾਣ ਚੱਲ ਰਿਹਾ ਹੈ। ਕਈ ਦਿਨਾਂ ਤੋਂ ਤਿੰਨ ਤੋਂ ਚਾਰ ਮਜ਼ਦੂਰ ਸੜਕ ਤੇ ਇੰਟਰਲਾਕ ਟਾਈਲਾਂ ਵਿਛਾਉਣ ਦਾ ਕੰਮ ਕਰ ਰਹੇ ਹਨ। ਇੰਟਰਲਾਕ ਟਾਈਲਾਂ ਲਗਭਗ 300 ਮੀਟਰ ਦੇ ਹਿੱਸੇ ਤੇ ਵਿਛਾਈਆਂ ਜਾਣੀਆਂ ਹਨ। ਇਸ ਦੌਰਾਨ ਠੇਕੇਦਾਰ ਦਾ ਤਰਕ ਹੈ ਕਿ ਸੜਕ ਦਾ ਨਿਰਮਾਣ ਹੌਲੀ-ਹੌਲੀ ਚੱਲ ਰਿਹਾ ਹੈ ਕਿਉਂਕਿ ਆਵਾਜਾਈ ਨੂੰ ਰੋਕਿਆ ਨਹੀਂ ਜਾ ਰਿਹਾ ਹੈ। ਸਬੰਧਤ ਵਿਭਾਗ ਨੂੰ ਇੱਕ ਲਿਖਤੀ ਪੱਤਰ ਵੀ ਲਿਖਿਆ ਗਿਆ ਹੈ ਪਰ ਆਵਾਜਾਈ ਨੂੰ ਅਜੇ ਵੀ ਰੋਕਿਆ ਨਹੀਂ ਗਿਆ ਹੈ। ਜਾਣਕਾਰੀ ਅਨੁਸਾਰ ਮਾਘੀ ਮੇਲਾ 12 ਜਨਵਰੀ ਨੂੰ ਸ਼ੁਰੂ ਹੋਣ ਵਾਲਾ ਹੈ। ਇਸ ਮੇਲੇ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਪਹੁੰਚਦੇ ਹਨ। ਮਾਘੀ ਮੇਲੇ ਦੇ ਨੇੜੇ ਆ ਕੇ ਪ੍ਰਸ਼ਾਸਨ ਵੱਲੋਂ ਸ਼ਹਿਰ ਭਰ ਦੀਆਂ ਵੱਖ-ਵੱਖ ਸੜਕਾਂ ਤੇ ਨਿਰਮਾਣ ਕਾਰਜ ਅਤੇ ਸੀਵਰੇਜ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਹੋ ਕੀਤਾ ਹੋਇਆ ਹੈ। ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਇਹ ਸੰਭਾਵਨਾ ਘੱਟ ਹੈ ਕਿ ਮਾਘੀ ਮੇਲੇ ਤੋਂ ਪਹਿਲਾਂ ਸਾਰਾ ਕੰਮ ਪੂਰਾ ਹੋ ਜਾਵੇਗਾ। ਰੂਟ ਡਾਇਵਰਸ਼ਨ ਨਹੀਂ, ਆਵਾਜਾਈ ਜਾਰੀ ਡੀਸੀ ਦਫ਼ਤਰ ਨੇੜੇ ਚੱਲ ਰਹੇ ਸੜਕ ਨਿਰਮਾਣ ਦੌਰਾਨ ਕੋਟਕਪੂਰਾ ਤੋਂ ਬਠਿੰਡਾ ਅਤੇ ਬੱਸ ਸਟੈਂਡ ਤੱਕ ਬੱਸਾਂ ਅਤੇ ਹੋਰ ਵਾਹਨ ਲੰਘ ਰਹੇ ਹਨ। ਇਸੇ ਤਰ੍ਹਾਂ, ਬੱਸ ਸਟੈਂਡ, ਬਠਿੰਡਾ ਅਤੇ ਮੁਕਤਸਰ ਸ਼ਹਿਰ ਤੋਂ ਵਾਹਨ ਡੀਸੀ ਦਫ਼ਤਰ ਨੇੜੇ ਰੋਡ ਤੋਂ ਲੰਘ ਰਹੇ ਹਨ। ਇਸ ਕਾਰਨ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਮਜ਼ਦੂਰਾਂ ਦੀ ਘੱਟ ਗਿਣਤੀ ਕਾਰਨ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। –––ਕੋਟ––– ਇਸ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਜਲਦੀ ਹੀ ਸਮੱਸਿਆ ਦਾ ਹੱਲ ਕੱਢਿਆ ਜਾਵੇਗ। ਏਡੀਸੀ ਗੁਰਪ੍ਰੀਤ ਸਿੰਘ ਥਿੰਦ