ਪ੍ਰਵੀਨ ਰਾਣੀ ਕੁਆਰਡੀਨੇਟਰ ਨਿਯੁਕਤ
ਸੰਕਲਪ ਸੁਸਾਇਟੀ ਦੇ ਔਰਤ ਭਲਾਈ ਕਾਰਜਾਂ ਲਈ ਪ੍ਰਵੀਨ ਰਾਣੀ ਕੁਆਰਡੀਨੇਟਰ ਨਿਯੁਕਤ
Publish Date: Mon, 20 Apr 2026 05:40 PM (IST)
Updated Date: Mon, 20 Apr 2026 05:42 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦੁਆਰਾ ਸਮੇਂ ਸਮੇਂ ਤੇ ਔਰਤ ਵਰਗ ਦੇ ਸਮਾਜਿਕ, ਆਰਥਿਕ ਅਤੇ ਆਤਮ ਨਿਰਭਰਤਾ ਲਈ ਉਪਰਾਲੇ ਜਾਰੀ ਹਨ। ਇਨ੍ਹਾਂ ਸੇਵਾਵਾਂ ਨੂੰ ਹੋਰ ਬਿਹਤਰੀਨ ਢੰਗ ਨਾਲ ਲਾਗੂ ਕਰਨ ਲਈ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਦੀ ਯੋਗ ਅਗਵਾਈ ਹੇਠ ਸੰਸਥਾ ਦੇ ਔਰਤ ਭਲਾਈ ਕਾਰਜਾਂ ਦੀ ਮਹਿਲਾ ਕੁਆਰਡੀਨੇਟਰ ਵਜੋਂ ਪ੍ਰਵੀਨ ਰਾਣੀ ਨੂੰ ਨਿਯੁਕਤ ਕੀਤਾ ਗਿਆ ਹੈ। ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਵੀਨ ਰਾਣੀ ਲੰਬੇ ਸਮੇਂ ਤੋਂ ਸੰਕਲਪ ਸੁਸਾਇਟੀ ਦੇ ਸਮਾਜ ਸੇਵੀ ਕਾਰਜਾਂ ’ਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਦੀਆਂ ਬਿਹਤਰੀਨ ਕਾਰਗੁਜ਼ਾਰੀਆਂ ਨੂੰ ਮੁੱਖ ਰੱਖਦਿਆਂ ਸੰਧੂ ਨੇ ਉਮੀਦ ਜਤਾਈ ਕੇ ਭਵਿੱਖ ’ਚ ਸੰਸਥਾ ਦੀਆਂ ਔਰਤ ਭਲਾਈ ਕਾਰਗੁਜ਼ਾਰੀਆਂ ਹੋਰ ਵਧੇਰੇ ਨਿਖਰ ਕੇ ਸਾਹਮਣੇ ਆਉਣਗੀਆਂ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਪ੍ਰੋਜੈਕਟ ਸੱਚੀ ਸਹੇਲੀ ’ਚ ਪ੍ਰਵੀਨ ਰਾਣੀ ਦੇ ਸਹਿਯੋਗ ਨਾਲ ਪਛੜੇ ਖੇਤਰਾਂ ’ਚ ਔਰਤਾਂ ਨੂੰ ਨਿਰੋਗ ਰੱਖਣ ਲਈ ਸੈਂਟਰੀ ਪੈਡਸ ਤੇ ਸਿਹਤ ਸੰਭਾਲ ਜਾਣਕਾਰੀ ਪ੍ਰਦਾਨ ਕਰਵਾਈ ਜਾਵੇਗੀ। ਇਸ ਨਿਯੁਕਤੀ ਉੱਪਰ ਕੋਆਰਡੀਨੇਟਰ ਪ੍ਰਵੀਨ ਰਾਣੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਤਨੋਂ, ਮਨੋਂ ਸੰਸਥਾ ਦੇ ਨਿਸ਼ਕਾਮ ਸੇਵਾ ਕਾਰਜਾਂ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ।