ਪਾਵਰਕਾਮ ਦੀ ਲਾਪਰਵਾਹੀ ਨੇ ਲਈ 8 ਸਾਲਾ ਮਾਸੂਮ ਦੀ ਜਾਨ, ਛੱਤ 'ਤੇ ਖੇਡਦੀ ਬੱਚੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਈ
ਪਾਵਰਕਾਮ ਦੇ ਜੇਈ ਨੇ ਕਿਹਾ ਕਿ ਜਿਸ ਜਗ੍ਹਾ ਇਹ ਹਾਦਸਾ ਹੋਇਆ ਹੈ, ਉਹ ਮਕਾਨ ਕਥਿਤ ਤੌਰ 'ਤੇ ਗੈਰ-ਕਾਨੂੰਨੀ ਬਣਿਆ ਹੋਇਆ ਹੈ। ਉਨ੍ਹਾਂ ਮੁਤਾਬਕ ਪਰਿਵਾਰ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ। ਲਾਈਨਾਂ ਸ਼ਿਫਟ ਕਰਨ ਲਈ ਐਸਟੀਮੇਟ ਬਣਾਇਆ ਜਾ ਰਿਹਾ ਸੀ। ਤਾਰਾਂ ਵਿੱਚ ਲਗਾਏ ਗਏ ਬਾਂਸਾਂ ਕਾਰਨ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਗਿਆ ਸੀ।
Publish Date: Tue, 24 Mar 2026 01:02 PM (IST)
Updated Date: Tue, 24 Mar 2026 01:09 PM (IST)
ਸ੍ਰੀ ਮੁਕਤਸਰ ਸਾਹਿਬ: ਪਿੰਡ ਸਦਰਵਾਲਾ ਵਿੱਚ 11 ਹਜ਼ਾਰ ਕੇਵੀ ਦੀਆਂ ਢਿੱਲੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਇੱਕ ਅੱਠ ਸਾਲਾ ਬੱਚੀ ਏਕਮਦੀਪ ਕੌਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ।
ਬੱਚੀ ਦੇ ਦਾਦਾ ਨਿਹਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਕਾਫੀ ਨੀਵੀਆਂ ਸਨ। ਦੋ ਦਿਨ ਪਹਿਲਾਂ ਪਾਵਰਕਾਮ ਦੇ ਮੁਲਾਜ਼ਮ ਆਏ ਅਤੇ ਉਨ੍ਹਾਂ ਨੇ ਤਾਰਾਂ ਦੇ ਹੇਠਾਂ ਲਗਾਏ ਗਏ ਬਾਂਸ ਇਹ ਕਹਿ ਕੇ ਹਟਾ ਦਿੱਤੇ ਕਿ ਇਸ ਨਾਲ ਲਾਈਨ ਟ੍ਰਿਪਿੰਗ ਹੁੰਦੀ ਹੈ। ਬਾਂਸ ਹਟਾਉਣ ਨਾਲ ਤਾਰਾਂ ਇੰਨੀਆਂ ਨੀਵੀਆਂ ਹੋ ਗਈਆਂ ਕਿ ਕਿਸੇ ਬੱਚੇ ਦਾ ਹੱਥ ਵੀ ਆਸਾਨੀ ਨਾਲ ਲੱਗ ਸਕਦਾ ਸੀ। ਮੰਗਲਵਾਰ ਸਵੇਰੇ ਜਦੋਂ ਏਕਮਦੀਪ ਛੱਤ 'ਤੇ ਖੇਡ ਰਹੀ ਸੀ ਤਾਂ ਉਹ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਾਵਰਕਾਮ ਦੇ ਜੇਈ (JE) ਦਾ ਪੱਖ
ਦੂਜੇ ਪਾਸੇ, ਪਾਵਰਕਾਮ ਦੇ ਜੇਈ ਨੇ ਕਿਹਾ ਕਿ ਜਿਸ ਜਗ੍ਹਾ ਇਹ ਹਾਦਸਾ ਹੋਇਆ ਹੈ, ਉਹ ਮਕਾਨ ਕਥਿਤ ਤੌਰ 'ਤੇ ਗੈਰ-ਕਾਨੂੰਨੀ ਬਣਿਆ ਹੋਇਆ ਹੈ। ਉਨ੍ਹਾਂ ਮੁਤਾਬਕ ਪਰਿਵਾਰ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ। ਲਾਈਨਾਂ ਸ਼ਿਫਟ ਕਰਨ ਲਈ ਐਸਟੀਮੇਟ ਬਣਾਇਆ ਜਾ ਰਿਹਾ ਸੀ। ਤਾਰਾਂ ਵਿੱਚ ਲਗਾਏ ਗਏ ਬਾਂਸਾਂ ਕਾਰਨ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਗਿਆ ਸੀ।
ਇਨਸਾਫ਼ ਦੀ ਮੰਗ ਤੇ ਪ੍ਰਦਰਸ਼ਨ ਦੀ ਚਿਤਾਵਨੀ
ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਲਾਪਰਵਾਹ ਜੇਈ ਅਤੇ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਰੋਡ ਜਾਮ ਕਰਕੇ ਧਰਨਾ ਦੇਣਗੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।