- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਪੈਨਸ਼ਨਰ 16 ਜਨਵਰੀ ਨੂੰ ਸਯੁੰਕਤ ਕਿਸਾਨ ਮੋਰਚਾ ਦੇ ਸਾਂਝੇ ਧਰਨੇ ’ਚ ਕਰਨਗੇ ਸ਼ਮੂਲੀਅਤ : ਮੱਲਣ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਜਨਰਲ ਮੀਟਿੰਗ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਪ੍ਰਧਾਨਗੀ ਹੇਠ 132 ਕੇਵੀ ਕਲੋਨੀ ਪੈਨਸ਼ਨ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਮੀਟਿੰਗ ’ਚ ਮੰਡਲ ਅਹੁਦੇਦਾਰਾਂ ਤੋਂ ਇਲਾਵਾ ਠੰਢ ਦੇ ਬਾਵਜੂਦ ਵੱਡੀ ਗਿਣਤੀ ’ਚ ਪੈਨਸ਼ਨਰਜ਼ ਵੀਰਾਂ ਅਤੇ ਫੈਮਲੀ ਪੈਨਸ਼ਨਰ ਭੈਣਾਂ ਨੇ ਮੀਟਿੰਗ ’ਚ ਸਮੂਲੀਅਤ ਕੀਤੀ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੰਡਲ ਸਕੱਤਰ ਅਮਰਜੀਤ ਪਾਲ ਸ਼ਰਮਾ ਨੇ ਏਜੰਡਿਆਂ ਦੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਬਿਜਲੀ ਸੋਧ ਬਿੱਲ 2025 ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸਨੂੰ ਵਾਪਸ ਕਰਵਾਉਣ ਸਬੰਧੀ, ਪਾਵਰਕਾਮ ਅਤੇ ਸਰਕਾਰੀ ਜਾਇਦਾਦਾਂ ਵੇਚਣ ਤੋਂ ਰੋਕਣ ਲਈ, ਨਵੇਂ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ ਅਤੇ ਮਗਨਰੇਗਾ ਸਕੀਮ ਦੀ ਥਾਂ ਨਵੇਂ ਕਾਨੂੰਨ ਲਾਗੂ ਕਰਨ ਖ਼ਿਲਾਫ਼ ਸਯੁੰਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਵੱਲੋਂ ਉਲੀਕੇ ਸੰਘਰਸ਼ ਤਹਿਤ ਮਿਤੀ 16 ਜਨਵਰੀ 2026 ਨੂੰ ਜ਼ਿਲ੍ਹਾ ਹੈਡ ਕੁਆਟਰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਰੱਖੇ ਧਰਨੇ ’ਚ ਪਾਵਰਕਾਮ ਦੇ ਪੈਨਸ਼ਨਰਜ਼ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਨਗੇ। ਇਸਤੋਂ ਇਲਾਵਾ ਸਟੇਟ ਕਮੇਟੀ ਵੱਲੋਂ ਉਲੀਕੇ ਸੰਘਰਸ਼ ਦੀ ਤਿਆਰੀ ਲਈ ਮਿਤੀ 23 ਜਨਵਰੀ 2026 ਨੂੰ ਸਰਕਲ ਪੱਧਰੀ ਕੰਨਵੈਨਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਵੇਗੀ। ਉਪਰੰਤ ਫਰਵਰੀ ਦੇ ਅਖੀਰ ’ਚ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਲੁਧਿਆਣਾ ਵਿਖੇ ਸੂਬਾਈ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਬਿਜਲੀ ਸੋਧ ਬਿੱਲ ਰਾਹੀਂ ਬਿਜਲੀ ਅਦਾਰੇ ਦੇ ਮੁੰਕਮਲ ਨਿੱਜੀਕਰਨ ਦੇ ਅਮਲ ਨੂੰ ਰੋਕਿਆ ਜਾਵੇ, ਪਾਵਰਕਾਮ ਦੀਆਂ ਜਮੀਨਾਂ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ, ਰਹਿੰਦਾ 16% ਮਹਿੰਗਾਈ ਭੱਤਾ ਸਮੇਤ ਬਕਾਏ ਤੁਰੰਤ ਦਿੱਤਾ ਜਾਵੇ, 200 ਰੁਪਏ ਜਜੀਆ ਟੈਕਸ ਕੱਟਣਾ ਬੰਦ ਕੀਤਾ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੇ ਕੱਚੇ ਮੁਲਾਜ਼ਮਾਂ ਸਮੇਤ ਆਉਟ ਸੋਰਸਿੰਗ ਪੱਕੇ ਕੀਤੇ ਜਾਣ, 23 ਸਾਲਾਂ ਸਕੇਲ ਬਿਨਾ ਸ਼ਰਤ ਸਾਰਿਆਂ ਨੂੰ ਦਿੱਤਾ ਜਾਵੇ, ਠੇਕਾ ਪ੍ਰਣਾਲੀ ਦੀ ਥਾਂ ਪੱਕੀ ਭਰਤੀ ਕੀਤੀ ਜਾਵੇ। ਲੋਕਾਂ ਦੀ ਅਵਾਜ ਚੁੱਕਣ ਵਾਲੇ ਪੱਤਰਕਾਰਾਂ ਉਪਰ ਪੰਜਾਬ ਸਰਕਾਰ ਵੱਲੋਂ ਕੀਤੇ ਝੂਠੇ ਪਰਚਿਆਂ ਦੀ ਪੁਰਜੋਰ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਝੂਠੇ ਪਰਚੇ ਰੱਦ ਕੀਤੇ ਜਾਣ। ਇਸਤੋਂ ਇਲਾਵਾ ਮੀਟਿੰਗ ’ਚ ਮੈਡੀਕਲ ਬਿੱਲਾਂ ਬਾਰੇ ਚਰਚਾ ਕੀਤੀ ਗਈ ਜੋ ਕਿ ਸੇਵਾ ਮੁਕਤ ਕਰਮਚਾਰੀਆਂ ਦੇ ਮੈਡੀਕਲ ਬਿਲ ਸ੍ਰੀ ਮੁਕਤਸਰ ਸਾਹਿਬ ਦੇ ਸੀਐਮਓ ਦਫਤਰ ਵਿਖੇ ਜਾਂਦੇ ਹਨ। ਉਨ੍ਹਾਂ ਨੂੰ ਪਾਸ ਕਰਨ ’ਚ ਬਹੁਤ ਦੇਰੀ ਕੀਤੀ ਜਾਂਦੀ ਹੈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਜੋ ਸਰਕਲ ਕਮੇਟੀ ਸੀਐਮਓ ਦੇ ਖਿਲਾਫ ਜੋ ਵੀ ਸੰਘਰਸ਼ ਉਲੀਕੇਗੀ ਉਸ ’ਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ’ਚ ਜਸਵਿੰਦਰ ਸਿੰਘ, ਸਿਵਦੀਪ ਸਿੰਘ ਬਰਾੜ ਸਰਕਲ ਆਗੂਆਂ ਤੋਂ ਇਲਾਵਾ ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਪਾਲ ਸ਼ਰਮਾ ਸਕੱਤਰ, ਵਿਜੈ ਸੋਈ ਪ੍ਰੈਸ ਸਕੱਤਰ, ਭਜਨ ਸਿੰਘ ਜੱਥੇਬੰਦਕ ਸਕੱਤਰ, ਜੰਗੀਰ ਸਿੰਘ ਕੈਸੀਅਰ, ਮੇਜਰ ਸਿੰਘ ਐਡੀਟਰ, ਰਾਮ ਸਰਨ ਅਤੇ ਸੁਰਿੰਦਰ ਸਿੰਘ ਐਗਜੈਕਟਿਵ ਮੈਂਬਰਾਂ ਨੇ ਸੰਬੋਧਨ ਕੀਤਾ। ਅਖੀਰ ’ਚ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਮੀਟਿੰਗ ’ਚ ਆਏ ਸਾਰੇ ਵੀਰਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ।