ਪਾਵਰਕਾਮ ਪੈਨਸ਼ਨਰਾਂ ਨੇ ਮੁੱਖ ਮੰਤਰੀ ਤੇ ਖ਼ਜਾਨਾਂ ਮੰਤਰੀ ਦੇ ਨਾਂ ਤੇ ਸੌਂਪਿਆ ਡੀਸੀ ਨੂੰ ਮੰਗ ਪੱਤਰ
ਪਾਵਰਕਾਮ ਪੈਨਸ਼ਨਰਾਂ ਨੇ ਮੁੱਖ ਮੰਤਰੀ ਤੇ ਖ਼ਜਾਨਾਂ ਮੰਤਰੀ ਦੇ ਨਾਂ ਤੇ ਸੌਂਪਿਆ ਡੀਸੀ ਨੂੰ ਮੰਗ ਪੱਤਰ
Publish Date: Fri, 13 Feb 2026 05:03 PM (IST)
Updated Date: Fri, 13 Feb 2026 05:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਾਂਝਾ ਪੈਨਸ਼ਨਰ ਫਰੰਟ ਪੰਜਾਬ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ ਦੇ ਪਾਵਰਕਾਮ ਪੈਨਸ਼ਨਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੂੰ ਦਿੱਤਾ। ਇੱਥੇ ਖੰਡਾ ਪਾਰਕ ’ਚ ਇਕੱਠੇ ਹੋਏ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਨਹੀ ਕੀਤੇ ਜਾ ਰਹੇ। ਇਹ ਪਹਿਲੀ ਸਰਕਾਰ ਹੈ ਕਿ ਜਿਸਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਾਲ ਦੌਰਾਨ ਡੀਏ ਦੀ ਕੋਈ ਕਿਸਤ ਜਾਰੀ ਨਹੀ ਕੀਤੀ। ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲੋਂ 16% ਡੀਏ ਘੱਟ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ 16 ਪ੍ਰਤੀਸ਼ਤ ਡੀਏ ਸਮੇਤ ਏਰੀਅਰ ਤੁਰੰਤ ਰਲੀਜ਼ ਕੀਤਾ ਜਾਵੇ, 2.59 ਦਾ ਫਾਰਮੂਲਾ ਸਾਰਿਆ ’ਤੇ ਲਾਗੂ ਕੀਤਾ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, 200 ਰੁਪਏ ਜਜੀਆ ਟੈਕਸ ਬੰਦ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਮੰਗ ਪੱਤਰ ’ਚ ਦਰਜ ਮੰਗਾਂ ਤੇ ਮੀਟਿੰਗ ਦੇਕੇ ਮਸਲੇ ਹੱਲ ਕੀਤੇ ਜਾਣ। ਮੰਗ ਪੱਤਰ ਲੈਣ ਆਏ ਅਧਿਕਾਰੀਆਂ ਨੇ ਵਿਸਵਾਸ਼ ਦਵਾਇਆ ਕਿ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਮਸਲੇ ਹੱਲ ਨਾ ਕੀਤੇ ਤਾ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ, ਸ਼ਿਵਦੀਪ ਸਿੰਘ ਬਰਾੜ, ਸਮਸ਼ੇਰ ਸਿੰਘ, ਬਲਵੰਤ ਸਿੰਘ, ਅਮਰਜੀਤ ਪਾਲ, ਸੁੰਦਰ ਸਿੰਘ, ਬੂਟਾ ਸਿੰਘ, ਭਜਨ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਕਾਫੀ ਮਹਿਕਮਿਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।