ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨੇ ਦੀ ਤਿਆਰੀ
ਪਾਵਰਕਾਮ ਸੀਐਚਬੀ ਠੇਕਾ ਮੁਲਾਜ਼ਮਾਂ ਵੱਲੋਂ 09 ਦੇ ਪਟਿਆਲਾ ਧਰਨੇ ਦੀਆਂ ਤਿਆਰੀਆਂ ਜ਼ੋਰਾਂ ’ਤੇ
Publish Date: Wed, 04 Feb 2026 04:19 PM (IST)
Updated Date: Wed, 04 Feb 2026 04:20 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਦੀ ਮੀਟਿੰਗ ’ਚ ਸੂਬਾ ਪ੍ਰਧਾਨ ਅੰਗਰੇਜ ਸਿੰਘ, ਸੂਬਾ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਬੁੱਟਰ, ਸੂਬਾ ਜਰਨਲ ਸਕੱਤਰ ਰਾਕੇਸ਼ ਕੁਮਾਰ, ਸੂਬਾ ਕਨਵੀਨਰ ਕੁਲਵਿੰਦਰ ਸਿੰਘ ਢਿੱਲੋਂ, ਸੂਬਾ ਕਾਨੂੰਨੀ ਸਲਾਹਕਾਰ ਬਲਰਾਮ ਨੇ ਦੱਸਿਆ ਹੈ ਕਿ ਸੀਐੱਚਬੀ ਅਤੇ ਡਬਲਿਊ ਠੇਕਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋ ਬਿਜਲੀ ਬੋਰਡ ਦੇ ਅਦਾਰੇ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਇਨ੍ਹਾਂ ਕਾਮਿਆਂ ਤੋਂ ਘੱਟ ਤਨਖਾਹ ਤੇ ਵੱਧ ਕੰਮ ਵਿਭਾਗ ਵੱਲੋਂ ਲਿਆ ਜਾਂਦਾ ਹੈ ਪਿਛਲੇ ਸਮੇਂ ਦੌਰਾਨ ਬਿਜਲੀ ਬੋਰਡ ਦੇ ਵਿਚ ਡਿਊਟੀ ਦੌਰਾਨ ਸਭ ਤੋਂ ਵੱਧ ਠੇਕਾ ਮੁਲਾਜਮ ਦੀਆਂ ਮੌਤਾਂ ਹੋਈਆਂ, ਜਿਨ੍ਹਾਂ ਦੇ ਪਰਿਵਾਰ ਨੂੰ ਗੁਜਾਰੇ ਯੋਗ ਮੁਆਵਜਾ ਵੀ ਨਹੀਂ ਦਿੱਤਾ ਗਿਆ। ਜਥੇਬੰਦੀ ਦੇ ਸੰਘਰਸ਼ਾਂ ਤੇ ਲੋਕਾਂ ਦੇ ਸਾਥ ਸਦਕਾ ਪਟਿਆਲਾ ਮੈਨੇਜਮੈਂਟ ਵੱਲੋਂ 29 ਜੁਲਾਈ 2025 ਨੂੰ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ’ਚ ਬਿਜਲੀ ਬੋਰਡ ਦੇ ਠੇਕਾ ਮੁਲਾਜਮ ਨੂੰ ਵਿਭਾਗ ’ਚ ਲੈਣ ਦਾ ਏਜੰਡਾ ਪਾਸ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਇਨ੍ਹਾਂ ਕਾਮਿਆਂ ਦਾ ਪੱਕਾ ਕਰਨ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਦੱਸਿਆ ਕਿ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ 09 ਫਰਵਰੀ ਨੂੰ ਪਟਿਆਲਾ ਹੈਡ ਆਫਿਸ ਦੇ ਸਾਹਮਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ’ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਪਟਿਆਲਾ ਮੈਨੇਜਮੈਂਟ ਦੀ ਹੋਵੇਗੀ।