ਮੁਕਤਸਰ ’ਚ ਮੀਂਹ-ਹਨੇਰੀ ਕਾਰਨ ਰਾਤ ਭਰ ਬੰਦ ਰਹੀ ਬਿਜਲੀ
ਮੁਕਤਸਰ ’ਚ ਹਨੇਰੀ-ਮੀਂਹ ਕਾਰਨ ਕਈ ਮੁਹੱਲਿਆਂ ’ਚ ਰਾਤ ਭਰ ਬੰਦ ਰਹੀ ਬਿਜਲੀ ਸਪਲਾਈ
Publish Date: Fri, 05 Jun 2026 06:15 PM (IST)
Updated Date: Fri, 05 Jun 2026 06:17 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਵੀਰਵਾਰ ਦੀ ਸ਼ਾਮ ਨੂੰ ਆਈ ਤੇਜ਼ ਹਨੇਰੀ ਅਤੇ ਹਲਕੇ ਮੀਂਹ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ। ਸ਼ਹਿਰ ਦੇ ਬਠਿੰਡਾ ਰੋਡ ਸਮੇਤ ਕਈ ਇਲਾਕਿਆਂ ’ਚ ਨੁਕਸ (ਫਾਲਟ) ਪੈਣ ਕਾਰਨ ਪੂਰੀ ਰਾਤ ਬਿਜਲੀ ਬੰਦ ਰਹੀ। ਲਗਭਗ 17 ਘੰਟਿਆਂ ਬਾਅਦ ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਬਿਜਲੀ ਸਪਲਾਈ ਬਹਾਲ ਹੋ ਸਕੀ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹਨੇਰੀ ਇੰਨੀ ਤੇਜ਼ ਸੀ ਕਿ ਕਈ ਥਾਵਾਂ ’ਤੇ ਦਰੱਖਤ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਆਪਸ ’ਚ ਉਲਝ ਗਈਆਂ। ਇਸ ਕਾਰਨ ਬਠਿੰਡਾ ਰੋਡ, ਗੋਨਿਆਣਾ ਰੋਡ, ਮਲੋਟ ਰੋਡ ਅਤੇ ਸ਼ਹਿਰ ਦੇ ਕੁਝ ਹੋਰ ਮੁਹੱਲਿਆਂ ’ਚ ਬਿਜਲੀ ਖ਼ਰਾਬ ਹੋ ਗਈ। ਪੂਰੀ ਰਾਤ ਬਿਜਲੀ ਨਾ ਆਉਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨਵਰਟਰ ਜਵਾਬ ਦੇ ਗਏ ਅਤੇ ਘਰਾਂ ’ਚ ਲੱਗੀਆਂ ਪਾਣੀ ਦੀਆਂ ਟੈਂਕੀਆਂ ਵੀ ਖਾਲੀ ਹੋ ਗਈਆਂ। ਹਾਲਾਤ ਇਹ ਬਣ ਗਏ ਕਿ ਲੋਕਾਂ ਨੂੰ ਸਵੇਰੇ ਹੈਂਡਪੰਪਾਂ ਅਤੇ ਦੂਜੇ ਮੁਹੱਲਿਆਂ ਤੋਂ ਬਾਲਟੀਆਂ ’ਚ ਪਾਣੀ ਭਰ ਕੇ ਲਿਆਉਣਾ ਪਿਆ। ਪਾਵਰਕਾਮ ਦੇ ਦਫ਼ਤਰ ’ਚ ਰਾਤ ਭਰ ਫ਼ੋਨ ਖੜਕਦੇ ਰਹੇ। ਵਿਭਾਗ ਕੋਲ 100 ਤੋਂ ਵੱਧ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਵੀਰਵਾਰ ਨੂੰ ਹੋਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਸੀ, ਪਰ ਬਿਜਲੀ ਜਾਣ ਨਾਲ ਹੁੰਮਸ (ਉਮਸ) ਹੋਰ ਵਧ ਗਈ। ਸ਼ੁੱਕਰਵਾਰ ਸਵੇਰ ਤੋਂ ਹੀ ਮੁੜ ਤੇਜ਼ ਧੁੱਪ ਨਿਕਲਣ ਕਾਰਨ ਤਾਪਮਾਨ ਵਧ ਗਿਆ ਅਤੇ ਬਿਜਲੀ ਨਾ ਹੋਣ ਕਰਕੇ ਲੋਕ ਬੇਹਾਲ ਹੋ ਗਏ। ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ। ਸਥਾਨਕ ਨਿਵਾਸੀ ਗੁਰਵਿੰਦਰ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਪੂਰੀ ਰਾਤ ਬੱਚੇ ਗਰਮੀ ਨਾਲ ਪ੍ਰੇਸ਼ਾਨ ਰਹੇ ਅਤੇ ਮੱਛਰਾਂ ਨੇ ਵੀ ਨੱਕ ’ਚ ਦਮ ਕਰ ਦਿੱਤਾ। ਉੱਥੇ ਹੀ ਘਰੇਲੂ ਮਹਿਲਾ ਵਿਸ਼ਾਲੀ ਰਾਣੀ ਦਾ ਕਹਿਣਾ ਸੀ ਕਿ ਪਾਣੀ ਨਾ ਹੋਣ ਕਰਕੇ ਸਵੇਰੇ ਖਾਣਾ ਬਣਾਉਣਾ ਵੀ ਮੁਸ਼ਕਲ ਹੋ ਗਿਆ। ਫਿਲਹਾਲ ਦੁਪਹਿਰ 12 ਵਜੇ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ-ਜਿੱਥੇ ਵੀ ਸਮੱਸਿਆ ਹੈ, ਉੱਥੇ ਕੰਮ ਜਾਰੀ ਹੈ ਅਤੇ ਬਹੁਤੇ ਹਿੱਸਿਆਂ ’ਚ ਸਪਲਾਈ ਆਮ ਵਾਂਗ ਕਰ ਦਿੱਤੀ ਗਈ ਹੈ।