ਸਿਆਸੀ ਆਗੂ ਭੱਦੀ ਸ਼ਬਦਾਵਲੀ ਤੋਂ ਗੁਰੇਜ ਕਰਨ : ਗਿਰਧਰ
ਰਾਜਨੀਤਿਕ ਆਗੂਆਂ ਨੂੰ ਭੱਦੀ ਸ਼ਬਦਾਵਲੀ ਤੋਂ ਗੁਰੇਜ ਕਰਨਾ ਚਾਹੀਦਾ ਹੈ : ਗੁਰਦਾਸ ਗਿਰਧਰ
Publish Date: Tue, 07 Apr 2026 07:00 PM (IST)
Updated Date: Tue, 07 Apr 2026 07:02 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਗੁਰਦਾਸ ਗਿਰਧਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਵਰਤੀ ਗਈ ਭਾਸ਼ਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਆਗੂਆਂ ਨੂੰ ਜਨਤਕ ਮੰਚਾਂ ਤੋਂ ਅਜਿਹੀ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਾਰੇ ਬੋਲਦਿਆਂ ਕਿਹਾ ਸੀ ਕਿ ‘ਇਸਨੂੰ ਛਿੱਤਰਾਂ ਦੇ ਹਾਰ ਪੈਣਗੇ’। ਗਿਰਧਰ ਨੇ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨਾਲ ਪੰਜਾਬ ਦਾ ਸਿਆਸੀ ਅਤੇ ਸਮਾਜਿਕ ਮਾਹੌਲ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਮਤਭੇਦ ਹੋ ਸਕਦੇ ਹਨ, ਪਰ ਭਾਸ਼ਾ ਦੀ ਮਰਿਆਦਾ ਨੂੰ ਕਾਇਮ ਰੱਖਣਾ ਹਰ ਆਗੂ ਦਾ ਫ਼ਰਜ਼ ਹੈ। ਰਾਜਨੀਤਿਕ ਆਗੂਆਂ ਨੂੰ ਨਿੱਜੀ ਦੂਸ਼ਣਬਾਜ਼ੀ ਅਤੇ ਭੱਦੀ ਸ਼ਬਦਾਵਲੀ ਤੋਂ ਉੱਪਰ ਉੱਠ ਕੇ ਲੋਕ ਮੁੱਦਿਆਂ ’ਤੇ ਗੱਲ ਕਰਨੀ ਚਾਹੀਦੀ ਹੈ। ਅਜਿਹੀ ਬਿਆਨਬਾਜ਼ੀ ਪੰਜਾਬ ਦੇ ਸੱਭਿਆਚਾਰ ਅਤੇ ਸਿਆਸਤ ਲਈ ਸ਼ੁਭ ਸੰਕੇਤ ਨਹੀਂ ਹੈ।