26 ਜਨਵਰੀ ਦੇ ਮੱਦੇਨਜ਼ਰ ਪੁਲਿਸ ਨੇ ਵਧਾਈ ਸਪੈਸ਼ਲ ਚੈਕਿੰਗ
26 ਜਨਵਰੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰਾਤ ਸਮੇਂ ਵਧਾਈ ਗਈ ਸਪੈਸ਼ਲ ਚੈਕਿੰਗ
Publish Date: Thu, 22 Jan 2026 05:33 PM (IST)
Updated Date: Fri, 23 Jan 2026 04:09 AM (IST)

-ਰੇਲਵੇ ਸਟੇਸ਼ਨ, ਬੱਸ ਸਟੈਂਡ, ਨਾਕਿਆਂ ਅਤੇ ਪੈਟ੍ਰੋਲਿੰਗ ਟੀਮਾਂ ਵੱਲੋਂ ਸਖ਼ਤ ਨਿਗਰਾਨੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਉਣ ਵਾਲੀ 26 ਜਨਵਰੀ (ਗਣਤੰਤਰ ਦਿਵਸ) ਦੇ ਮੱਦੇਨਜ਼ਰ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਜ਼ਿਲ੍ਹੇ ਭਰ ’ਚ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਸਪੈਸ਼ਲ ਚੈਕਿੰਗ ਕੀਤੀ ਗਈ। ਇਸ ਦੌਰਾਨ ਰਾਤ ਭਰ ਪੁਲਿਸ ਟੀਮਾਂ ਵੱਲੋਂ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਭੀੜ ਵਾਲੇ ਇਲਾਕਿਆਂ ’ਚ ਵਿਸਥਾਰਪੂਰਕ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਜ਼ਿਲ੍ਹਾ ਅੰਦਰ ਵੱਖ-ਵੱਖ ਥਾਵਾਂ ’ਤੇ ਨਾਕਿਆਂ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਅੱਡੇ, ਮੁੱਖ ਰੂਟਾਂ, ਗਲੀਆਂ-ਮੁਹੱਲਿਆਂ, ਨੋ-ਮੂਵਮੈਂਟ ਇਲਾਕਿਆਂ, ਲਾਵਾਰਿਸ ਵਾਹਨਾਂ, ਨਾਈਟ ਸ਼ਿਫਟ ’ਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਦੀ ਵੀ ਜਾਂਚ ਕੀਤੀ ਗਈ। ਪੀਸੀਆਰ ਮੋਟਰਸਾਈਕਲ ਟੀਮਾਂ ਵੱਲੋਂ ਲਗਾਤਾਰ ਗਸ਼ਤ ਅਤੇ ਫਲੈਗ ਮਾਰਚ ਕਰਕੇ ਇਲਾਕਿਆਂ ’ਚ ਪੁਲਿਸ ਦੀ ਮੌਜੂਦਗੀ ਯਕੀਨੀ ਬਣਾਈ ਗਈ। ਇਹ ਨਾਈਟ ਡੋਮੀਨੇਸ਼ਨ ਚੈਕਿੰਗ ਚਾਰੇ ਸਬ-ਡਿਵੀਜ਼ਨਾਂ ’ਚ ਲਗਾਤਾਰ ਰਾਤ ਸਮੇਂ ਚਲਾਈ ਜਾ ਰਹੀ ਹੈ, ਜਿਸ ਦੀ ਨਿਗਰਾਨੀ ਬਚਨ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ, ਹਰਜੀਤ ਸਿੰਘ ਡੀਐਸਪੀ (ਸੀਏਡਬਲਯੂ ਐਂਡ ਸੀ), ਨਵੀਨਪਾਲ ਸਿੰਘ ਡੀਐਸਪੀ ਮਲੋਟ, ਅਰੁਨ ਮੁੰਡਨ ਡੀਐਸਪੀ ਗਿੱਦੜਬਾਹਾ ਅਤੇ ਹਰਬੰਸ ਸਿੰਘ ਡੀਐਸਪੀ ਲੰਬੀ ਵੱਲੋਂ ਆਪਣੀ-ਆਪਣੀ ਫੋਰਸ ਦੇ ਨਾਲ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਯਾਤਰੀਆਂ ਦੇ ਬੈਗਾਂ ਦੀ ਸਕੈਨਿੰਗ, ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਰਿਕਾਰਡ ਚੈੱਕ ਕੀਤੇ ਗਏ। ਜੀਆਰਪੀ ਪੁਲਿਸ ਟੀਮ ਨਾਲ ਮਿਲ ਕੇ ਆਉਣ-ਜਾਣ ਵਾਲੇ ਵਿਅਕਤੀਆਂ ਦੀ ਪਛਾਣ ਪੁਸ਼ਟੀ ਕੀਤੀ ਗਈ ਅਤੇ ਕਈ ਵਿਅਕਤੀਆਂ ਦੇ ਰਿਕਾਰਡ ਪੈਸ ਐਪ ਰਾਹੀਂ ਤੁਰੰਤ ਵੇਰੀਫਾਈ ਕੀਤੇ ਗਏ। ਇਸੇ ਤਰ੍ਹਾਂ ਬੱਸ ਸਟੈਂਡ ’ਤੇ ਵੀ ਰਾਤ ਸਮੇਂ ਸਪੈਸ਼ਲ ਚੈਕਿੰਗ ਕੀਤੀ ਗਈ। ਬੱਸ ਅੱਡੇ ਦੇ ਆਲੇ-ਦੁਆਲੇ ਲੰਬੇ ਸਮੇਂ ਤੋਂ ਲਵਾਰਿਸ ਹਾਲਤ ਵਿੱਚ ਖੜ੍ਹੇ ਸ਼ੱਕੀ ਵਾਹਨਾਂ ਨੂੰ ਵਾਹਨ ਐਪ ਦੀ ਮਦਦ ਨਾਲ ਵੇਰੀਫਾਈ ਕਰਕੇ ਪੁਲਿਸ ਰਿਕਾਰਡ ਦੀ ਜਾਂਚ ਕੀਤੀ ਗਈ। ਨਾਲ ਹੀ ਬੱਸਾਂ ਵਿੱਚ ਸਵਾਰ ਹੋਣ ਵਾਲੇ ਯਾਤਰੀਆਂ ਦੀ ਵੀ ਜਾਂਚ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕੇ ਲਗਾ ਕੇ ਮੁੱਖ ਰੂਟਾਂ, ਬਾਜ਼ਾਰਾਂ, ਕਾਲੋਨੀਆਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਹਰ ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਗਈ। ਪੀਸੀਆਰ ਮੋਟਰਸਾਈਕਲ ਟੀਮਾਂ ਵੱਲੋਂ ਲਗਾਤਾਰ ਗਸ਼ਤ ਕਰਕੇ ਅਸਾਮਾਜਿਕ ਤੱਤਾਂ ’ਤੇ ਕੜੀ ਨਜ਼ਰ ਰੱਖੀ ਗਈ। ਨਾਈਟ ਡਿਊਟੀ ’ਤੇ ਤਾਇਨਾਤ ਸਕਿਉਰਿਟੀ ਗਾਰਡਾਂ ਨਾਲ ਡੀਐੱਸਪੀਜ਼ ਵੱਲੋਂ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਪਾਰਕਾਂ, ਰਿਜ਼ੋਰਟਾਂ ਅਤੇ ਹੋਰ ਜਨਤਕ ਥਾਵਾਂ ਦੀ ਵੀ ਜਾਂਚ ਕੀਤੀ ਗਈ। ਜਿੱਥੇ ਵੀ ਕੋਈ ਵਾਹਨ ਜਾਂ ਵਿਅਕਤੀ ਸ਼ੱਕੀ ਲੱਗਾ, ਉੱਥੇ ਵਾਹਨ ਦੇ ਕਾਗਜ਼ਾਤ, ਡਰਾਈਵਿੰਗ ਲਾਇਸੈਂਸ, ਨੰਬਰ ਪਲੇਟ ਅਤੇ ਐਕਸੈਸਰੀਜ਼ ਦੀ ਜਾਂਚ ਕੀਤੀ ਗਈ। ਬਿਨਾਂ ਨੰਬਰ ਪਲੇਟ, ਡਿੰਮ ਲਾਈਟ, ਮੋਡੀਫਾਈਡ ਸਿਲੈਂਸਰ ਜਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ। ਸ਼ੱਕੀ ਵਿਅਕਤੀਆਂ ਦਾ ਰਿਕਾਰਡ ਪੈਸ ਐਪ ਰਾਹੀਂ ਕ੍ਰਿਮੀਨਲ ਡਾਟਾਬੇਸ ਵਿੱਚ ਵੀ ਚੈੱਕ ਕੀਤਾ ਗਿਆ। ਐਸਐਸਪੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 26 ਜਨਵਰੀ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਮੁਹਿੰਮ ਹੇਠ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਇਲਾਕੇ ’ਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਏ, ਤਾਂ ਤੁਰੰਤ ਪੁਲਿਸ ਨੂੰ ਪੁਲਿਸ ਕੰਟਰੋਲ ਰੂਮ 80549-42100, ਐਮਰਜੈਂਸੀ ਹੈਲਪਲਾਈਨ 112 ’ਤੇ ਸੂਚਿਤ ਕਰੋ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।