'ਯੁੱਧ ਨਸ਼ਿਆਂ ਵਿਰੁੱਧ' ਤਹਿਤ ਲੰਬੀ ਸਬ ਡਿਵੀਜ਼ਨ ਦੇ 8 ਮੈਡੀਕਲ ਸਟੋਰਾਂ ਦੀ ਚੈਕਿੰਗ
ਪੁਲਿਸ ਵੱਲੋਂ ਡਰੱਗ ਇੰਸਪੈਕਟਰ ਸਮੇਤ ਲੰਬੀ ਸਬ ਡਿਵੀਜ਼ਨ ਦੇ 8 ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ
Publish Date: Wed, 25 Feb 2026 06:54 PM (IST)
Updated Date: Wed, 25 Feb 2026 06:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਚਲਦਿਆਂ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਡਰੱਗ ਇੰਸਪੈਕਟਰਾਂ ਨਾਲ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਸਬ ਡਿਵੀਜ਼ਨ ਲੰਬੀ ਦੇ ਥਾਣਾ ਕਬਰਵਾਲਾ, ਥਾਣਾ ਲੰਬੀ ਅਤੇ ਥਾਣਾ ਕਿੱਲਿਆਂਵਾਲੀ ਦੇ ਏਰੀਏ ’ਚ 8 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਮੁਹਿੰਮ ਜ਼ਿਲ੍ਹਾ ਦੇ ਸਬ ਡਵੀਜ਼ਨ ਲੰਬੀ ਦੇ ਇਲਾਕਿਆਂ ’ਚ ਚਲਾਈ ਗਈ। ਇਸ ਮੌਕੇ ਹਰਬੰਸ ਸਿੰਘ ਡੀਐਸਪੀ ਲੰਬੀ, ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਲੰਬੀ, ਐਸਆਈ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਕਿਲਿਆਂਵਾਲੀ, ਐੱਸਆਈ ਹਰਪ੍ਰੀਤ ਕੌਰ ਮੁੱਖ ਅਫਸਰ ਥਾਣਾ ਕਬਰਵਾਲਾ ਸਮੇਤ 50 ਪੁਲਿਸ ਅਧਿਕਾਰੀ/ਕਰਮਚਾਰੀ ਅਤੇ ਰਮਨਦੀਪ ਸਿੰਘ ਡਰੱਗ ਇੰਸਪੈਕਟਰ ਸ੍ਰੀ ਮੁਕਤਸਰ ਸਾਹਿਬ ਅਤੇ ਉਸ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ। ਟੀਮਾਂ ਵੱਲੋਂ ਮੈਡੀਕਲ ਸਟੋਰਾਂ ’ਤੇ ਪਹੁੰਚ ਕੇ ਦਵਾਈਆਂ ਦੇ ਸਟਾਕ ਰਜਿਸਟਰ, ਪ੍ਰਚੀ ਲਿਖਤ, ਮਾਨਤਾ ਪ੍ਰਾਪਤ ਲਾਇਸੰਸ, ਵਿਸ਼ੇਸ਼ ਤੌਰ ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਰਿਕਾਰਡ ਜਾਂਚਿਆ ਗਿਆ। ਚੈਕਿੰਗ ਟੀਮਾਂ ਨੇ ਕੁਝ ਥਾਵਾਂ ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਦੇ ਨਮੂਨੇ ਵੀ ਉਠਾਏ। ਨਾਲ ਹੀ ਦਵਾਈਆਂ ਦੀ ਮਿਆਦ ਅਤੇ ਪੈਕਿੰਗ ਤੇ ਲਿਖੀ ਜਾਣਕਾਰੀ ਦੀ ਵੀ ਜਾਂਚ ਕੀਤੀ ਗਈ। ਇਹ ਚੈਕਿੰਗ ਸਿਰਫ਼ ਨਿਯਮਾਂ ਦੀ ਉਲੰਘਣਾ ਦੀ ਜਾਂਚ ਤੱਕ ਸੀਮਿਤ ਨਹੀਂ ਸੀ, ਸਗੋਂ ਇਸਦਾ ਮਕਸਦ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਉਪਲਬਧਤਾ ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ, ਮੈਡੀਕਲ ਸਟੋਰਾਂ ਨੂੰ ਵੀ ਸੂਚਿਤ ਕਰਨਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਜਾਂਚਾਂ ਹੋਣਗੀਆਂ ਅਤੇ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੈਕਿੰਗ ਦੌਰਾਨ ਸਾਰੇ ਮੈਡੀਕਲ ਸਟੋਰਾਂ ਨੂੰ ਨਸ਼ਾ ਵਿਰੋਧੀ ਕਾਨੂੰਨ ਅਤੇ ਮੈਡੀਕਲ ਨਿਯਮਾਂ ਦੀ ਪੂਰੀ ਪਾਲਣਾ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ। ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਮਿਲਣ ਤੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ। ਇਹ ਕਾਰਵਾਈ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਪੁਲਿਸ ਵੱਲੋਂ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ, ਅਤੇ ਅਜਿਹੀਆਂ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਥਾਂ ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਝਿਜਕ ਪੁਲਿਸ ਨਾਲ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਨੰਬਰ 80549-42100 ’ਤੇ ਸੰਪਰਕ ਕਰਨ। ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।