ਜ਼ਿਲ੍ਹਾ ਸੁਧਾਰ ਘਰ ’ਚ ਪੁਲਿਸ ਦੀ ਤਲਾਸ਼ੀ ਮੁਹਿੰਮ ਜਾਰੀ
ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰ ਘਰ ਅੰਦਰ ਲਗਾਤਾਰ ਸਰਚ ਅਭਿਆਨ ਜਾਰੀ
Publish Date: Sat, 28 Feb 2026 03:32 PM (IST)
Updated Date: Sat, 28 Feb 2026 03:34 PM (IST)

ਭੰਵਰਾ\ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਵੱਲੋਂ ਜ਼ਿਲ੍ਹਾ ਅੰਦਰ ਅਪਰਾਧਿਕ ਨੈਟਵਰਕਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਖ਼ਤ ਤੇ ਲਗਾਤਾਰ ਕਾਰਵਾਈਆਂ ਅਮਲ ’ਚ ਲਿਆਂਦੀਆਂ ਜਾ ਰਹੀਆਂ ਹਨ। ਇਸੇ ਤਹਿਤ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਸਖ਼ਤ ਨਿਗਰਾਨੀ ਤੇ ਰਣਨੀਤਿਕ ਯੋਜਨਾ ਅਧੀਨ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਅੰਦਰ ਇੱਕ ਵਿਸ਼ੇਸ਼ ਤੇ ਅਚਨਚੇਤ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦਾ ਮੁੱਖ ਉਦੇਸ਼ ਜੇਲ੍ਹ ਅੰਦਰ ਕਾਨੂੰਨੀ ਅਨੁਸ਼ਾਸਨ ਨੂੰ ਮਜ਼ਬੂਤ ਕਰਨਾ, ਗੈਰਕਾਨੂੰਨੀ ਸੰਪਰਕ ਮਾਧਿਅਮਾਂ ’ਤੇ ਪਾਬੰਦੀ ਲਗਾਉਣਾ ਤੇ ਅਪਰਾਧਿਕ ਤੱਤਾਂ ਵੱਲੋਂ ਚਲਾਏ ਜਾ ਰਹੇ ਕਿਸੇ ਵੀ ਗੁਪਤ ਨੈਟਵਰਕ ਨੂੰ ਤੋੜਨਾ ਸੀ। ਇਹ ਅਭਿਆਨ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੇ ਸਹਿਯੋਗ ਨਾਲ ਤੇ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਬਚਨ ਸਿੰਘ ਦੀ ਅਗਵਾਈ ਹੇਠ ਸੁਚਾਰੂ ਢੰਗ ਨਾਲ ਅਮਲ ’ਚ ਲਿਆਂਦਾ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ 150 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਰਮਚਾਰੀ ਵਿਸ਼ੇਸ਼ ਪਹਿਰੇਵਾਜ਼ੀ ਹੇਠ ਤੈਨਾਤ ਰਹੇ। ਪੂਰੇ ਅਭਿਆਨ ਦੌਰਾਨ ਜੇਲ੍ਹ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਮਜ਼ਬੂਤ ਘੇਰੇ ਤਹਿਤ ਹਰ ਪਹਿਲੂ ’ਤੇ ਨਿਗਰਾਨੀ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਸੁਰੱਖਿਆ ’ਚ ਕਮੀ ਨਾ ਰਹੇ। ਅਚਾਨਕ ਸਰਚ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਵਾਰਡਾਂ ਤੇ ਸੰਵੇਦਨਸ਼ੀਲ ਇਲਾਕਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਕੈਦੀਆਂ ਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਮਾਨ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ। ਬਾਥਰੂਮ, ਸਟੋਰ ਰੂਮ, ਕੰਧਾਂ ਦੇ ਕੋਨੇ, ਛੱਤਾਂ ਤੇ ਹੋਰ ਸੰਭਾਵੀ ਉਹਲੇ ਸਥਾਨਾਂ ’ਤੇ ਸਖ਼ਤ ਨਿਗਰਾਨੀ ਕੀਤੀ ਗਈ। ਅੰਦਰੂਨੀ ਤੇ ਬਾਹਰੀ ਆਵਾਜਾਈ ਰਸਤੇ ’ਤੇ ਪਹਿਰੇਵਾਜ਼ੀ ਮਜ਼ਬੂਤ ਕੀਤੀ ਗਈ। ਕੁਝ ਸ਼ੱਕੀ ਤੱਤਾਂ ਨਾਲ ਪੁੱਛਗਿੱਛ ਕਰਕੇ ਸੰਭਾਵੀ ਗੈਰਕਾਨੂੰਨੀ ਗਤੀਵਿਧੀਆਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਦੇ ਸਾਂਝੇ ਸਹਿਯੋਗ ਨਾਲ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ। ਅਧਿਕਾਰੀਆਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਜਾਂ ਹੋਰ ਅਪਰਾਧਿਕ ਤੱਤਾਂ ਨੂੰ ਬਾਹਰੀ ਸੰਪਰਕ ਸਥਾਪਿਤ ਕਰਨ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਲ੍ਹਾਂ ਅੰਦਰ ਮੋਬਾਈਲ ਫੋਨ, ਸਿਮ ਕਾਰਡ, ਨਸ਼ੀਲੇ ਪਦਾਰਥ ਜਾਂ ਹੋਰ ਗੈਰਕਾਨੂੰਨੀ ਸਮੱਗਰੀ ਦੀ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਇੰਟੈਲੀਜੈਂਸ ਮਕੈਨਿਜ਼ਮ ਲਾਗੂ ਕੀਤਾ ਗਿਆ ਹੈ। ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਨਾਲ ਹਰ ਅਪਰਾਧਿਕ ਲੜੀ ਨੂੰ ਤੋੜਨ ਦੀ ਯੋਜਨਾ ਬਣਾਈ ਗਈ ਹੈ। ਹਰ ਅਜਿਹੀ ਤਲਾਸ਼ੀ ਤੋਂ ਬਾਅਦ ਵਿਸਥਾਰਪੂਰਕ ਰਿਪੋਰਟ ਤਿਆਰ ਕਰਕੇ ਕਾਨੂੰਨੀ ਕਾਰਵਾਈ ਅਨੁਸਾਰ ਅਗਲੇ ਕਦਮ ਚੁੱਕੇ ਜਾਂਦੇ ਹਨ ਤਾਂ ਜੋ ਭਵਿੱਖ ’ਚ ਕਿਸੇ ਵੀ ਕਿਸਮ ਦੀ ਅਪਰਾਧਿਕ ਗਤੀਵਿਧੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਜਨਤਕ ਸੁਰੱਖਿਆ ਸਾਡੀ ਪਹਿਲ ਹੈ। ਜੇਲ੍ਹ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਯੋਜਨਾ ਜਾਂ ਨੈਟਵਰਕ ਚਲਾਉਣ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਤੱਤ ਖ਼ਿਲਾਫ਼ ਬਿਨਾਂ ਕਿਸੇ ਢਿੱਲ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਤ ’ਚ ਪੁਲਿਸ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਸਾਂਝੇ ਯਤਨਾਂ ਨਾਲ ਅਮਨ-ਕਾਨੂੰਨ ਦੀ ਸਥਿਤੀ ਹੋਰ ਮਜ਼ਬੂਤ ਬਣਾਈ ਜਾ ਸਕੇ।