ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ‘ਬੀਟ ਰਖਸ਼ਕ ਐਪ’ ਰਾਹੀਂ ਚੈਕਿੰਗ
ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਪੰਜਾਬ ’ਚ ਪਹਿਲੀ ਵਾਰ ‘ਬੀਟ ਰਖਸ਼ਕ ਐਪ’ ਰਾਹੀਂ ਚੈਕਿੰਗ
Publish Date: Sat, 06 Jun 2026 04:59 PM (IST)
Updated Date: Sat, 06 Jun 2026 05:02 PM (IST)

ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਲੋਕਾਂ ਦੀ ਸੁਰੱਖਿਆ ਅਤੇ ਪੁਲਿਸ ਡਿਊਟੀਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ‘ਬੀਟ ਰਖਸ਼ਕ ਐਪ’ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ’ਚ ਪਹਿਲੀ ਵਾਰ ਕਿਸੇ ਜ਼ਿਲ੍ਹਾ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਚੈਕਿੰਗ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਐਸਐਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਸ ਐਪ ਰਾਹੀਂ ਨਾਕਿਆਂ ’ਤੇ ਤਾਇਨਾਤ ਪੁਲਿਸ ਮੁਲਾਜ਼ਮ, ਈਆਰਵੀ ਟੀਮਾਂ ਅਤੇ ਹੋਰ ਚੈਕਿੰਗ ਪਾਰਟੀਆਂ ਆਪਣੀ ਰੁਟੀਨ ਅਤੇ ਵਿਸ਼ੇਸ਼ ਚੈਕਿੰਗ ਦੀ ਜਾਣਕਾਰੀ ਰੀਅਲ ਟਾਈਮ ’ਚ ਕੰਟਰੋਲ ਰੂਮ ਤੱਕ ਪਹੁੰਚਾਉਣਗੀਆਂ। ਇਸ ਪ੍ਰਣਾਲੀ ਤਹਿਤ ਚੈਕਿੰਗ ਲਈ ਨਿਰਧਾਰਤ ਸਥਾਨਾਂ ਤੇ ਕਿਊਆਰ ਕੋਡ ਲਗਾਏ ਗਏ ਹਨ। ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚ ਕੇ ਬੀਟ ਰਖਸ਼ਕ ਐਪ ਰਾਹੀਂ ਕਿਊਆਰ ਕੋਡ ਸਕੈਨ ਕਰਨਗੇ, ਜਿਸ ਨਾਲ ਉਨ੍ਹਾਂ ਦੀ ਜੀਪੀਐਸ ਲੋਕੇਸ਼ਨ, ਸਮਾਂ ਅਤੇ ਤੁਰੰਤ ਸੈਲਫੀ ਕੰਟਰੋਲ ਰੂਮ ’ਚ ਦਰਜ ਹੋ ਜਾਵੇਗੀ। ਇਸ ਨਾਲ ਡਿਊਟੀ ਦੀ ਨਿਗਰਾਨੀ, ਪਾਰਦਰਸ਼ਤਾ ਅਤੇ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਮੌਜੂਦਗੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਕਿਊਆਰ ਕੋਡ ਬੈਂਕਾਂ, ਏਟੀਐਮਾਂ, ਸਰਕਾਰੀ ਇਮਾਰਤਾਂ, ਸ਼ਹਿਰੀ ਅਤੇ ਅੰਤਰਰਾਜੀ ਨਾਕਿਆਂ, ਸਿਟੀ ਸੀਲਿੰਗ ਪੁਆਇੰਟਾਂ, ਬਾਜ਼ਾਰਾਂ ਅਤੇ ਹੋਰ ਭੀੜ-ਭਾੜ ਵਾਲੇ ਸਥਾਨਾਂ ਤੇ ਲਗਾਏ ਗਏ ਹਨ। ਵਿਸ਼ੇਸ਼ ਚੈਕਿੰਗ ਅਤੇ ਐਮਰਜੈਂਸੀ ਸਥਿਤੀਆਂ ਲਈ ਵੀ ਵੱਖਰੇ ਪੁਆਇੰਟ ਨਿਰਧਾਰਤ ਕੀਤੇ ਗਏ ਹਨ। ਇਹ ਕਿਊਆਰ ਕੋਡ ਸਿਰਫ਼ ਨਿਰਧਾਰਤ ਸਥਾਨ ਤੋਂ ਕਰੀਬ 10 ਮੀਟਰ ਦੀ ਦੂਰੀ ਅੰਦਰ ਹੀ ਸਕੈਨ ਹੋ ਸਕਣਗੇ, ਜਿਸ ਨਾਲ ਡਿਊਟੀ ਦੀ ਸਹੀ ਪਾਲਣਾ ਯਕੀਨੀ ਬਣੇਗੀ। ਇਸ ਪ੍ਰੋਜੈਕਟ ਦੀ ਨਿਗਰਾਨੀ ਸਬੰਧਤ ਸਬ ਡਿਵੀਜ਼ਨਾਂ ਦੇ ਡੀਐਸਪੀਜ਼ ਵੱਲੋਂ ਕੀਤੀ ਜਾਵੇਗੀ, ਜਦਕਿ ਸਮੁੱਚੀ ਸੁਪਰਵਿਜ਼ਨ ਸ੍ਰੀ ਮਨਮੀਤ ਸਿੰਘ ਢਿੱਲੋਂ, ਐਸਪੀ (ਡੀ) ਵੱਲੋਂ ਕੀਤੀ ਜਾ ਰਹੀ ਹੈ। ਇਹ ਸਾਰਾ ਪ੍ਰੋਗਰਾਮ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ। ਐਸਐਸਪੀ ਸ੍ਰੀ ਅਭਿਮੰਨਿਊ ਰਾਣਾ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਸੁਰੱਖਿਆ ਪ੍ਰਬੰਧਾਂ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਪੁਲਿਸ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਲੋਕ-ਕੇਂਦਰਿਤ ਬਣਾਇਆ ਜਾ ਰਿਹਾ ਹੈ।