ਡੀਏਵੀ ਸਕੂਲ ’ਚ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਬੂਟੇ
ਡੀਏਵੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ
Publish Date: Wed, 04 Feb 2026 04:22 PM (IST)
Updated Date: Wed, 04 Feb 2026 04:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਜੇਐੱਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ 6 ਪੰਜਾਬ ਬੀਐਨ ਐਨਸੀਸੀ ਮਲੋਟ ਦੇ ਕਰਨਲ ਭਪਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਦੀ ਅਗਵਾਈ ਅਧੀਨ ਸਕੂਲ ਦੇ ਐਨਸੀਸੀ ਕੈਡੇਟਸ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਰੱਖਣ ਲਈ ਸਕੂਲ ’ਚ ਪੌਦੇ ਲਗਾਏ। ਇਸ ਮੌਕੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਧਰਤੀ ਤੇ ਵੱਧ ਰਹੀ ਕਾਰਬਨ ਨੂੰ ਘਟਾਉਣ ਅਤੇ ਪਿਆਰੀ ਧਰਤੀ ਨੂੰ ਹਰਾ ਭਰਾ ਰੱਖਣ ਦੇ ਉਦੇਸ਼ ਨਾਲ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਅਕਸਰ ਸਕੂਲ ਵੱਲੋਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ’ਚ ਲੜਕੀਆਂ ਲਈ ਐਨਸੀਸੀ ਦਾ ਜੂਨੀਅਰ ਅਤੇ ਸੀਨੀਅਰ ਵਿੰਗ ਅਤੇ ਲੜਕਿਆਂ ਲਈ ਜੂਨੀਅਰ ਵਿੰਗ ਸਫਲਤਾ ਪੂਰਵਕ ਚੱਲ ਰਿਹਾ ਹੈ ਜਿੱਥੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਸਮਾਜ ਭਲਾਈ ਦੀਆਂ ਸਕੀਮਾਂ ’ਚ ਵੱਧ ਚੜ ਕੇ ਭਾਗ ਲੈਂਦੇ ਹਨ। ਉਨ੍ਹਾਂ ਕਿਹਾ ਕਿ ਐਨਸੀਸੀ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਪੱਧਰ ਤੇ ਮਜਬੂਤ ਕਰਦਾ ਹੈ ਅਤੇ ਭਵਿੱਖ ’ਚ ਉਨ੍ਹਾਂ ਨੂੰ ਭਾਰਤੀ ਫੌਜ ’ਚ ਜਾਣ ਲਈ ਟ੍ਰੇਨਿੰਗ ਵੀ ਦਿੰਦਾ ਹੈ ਇਸ ਤਰ੍ਹਾਂ ਐਨਸੀਸੀ ਨਾਲ ਜੁੜ ਕੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸੰਭਵ ਹੈ। ਇਸ ਮੌਕੇ 6 ਪੰਜਾਬ ਬੀਐਨਐਨਸੀਸੀ ਮਲੋਟ ਤੋਂ ਸੂਬੇਦਾਰ ਮੇਜਰ ਮਨਜੀਤ ਸਿੰਘ, ਸੂਬੇਦਾਰ ਮੋਹਨ ਯਾਦਵ, ਸੂਬੇਦਾਰ ਉਮੇਸ਼ ਹਿੰਦੂਲੇ, ਹਵਲਦਾਰ ਮੁਹੰਮਦ ਸ਼ੌਕਤ ਅਤੇ ਹਵਲਦਾਰ ਸ਼ਬੀਰ ਅਤੇ ਸਕੂਲ ਸਟਾਫ ਮੌਜੂਦ ਸੀ।