ਜੇਸੀਬੀ ਨਾਲ ਟੁੱਟੀਆਂ ਪਾਈਪਾਂ, ਅਬੋਹਰ ਰੋਡ ਗਲੀ ਨੰਬਰ 14 ਦੇ 50 ਘਰਾਂ ’ਚ ਪਾਣੀ ਤੇ ਸੀਵਰੇਜ ਸਿਸਟਮ ਠੱਪ
ਜੇਸੀਬੀ ਨਾਲ ਟੁੱਟੀਆਂ ਪਾਈਪਾਂ; ਅਬੋਹਰ ਰੋਡ ਗਲੀ ਨੰਬਰ 14 ਦੇ 50 ਘਰਾਂ ’ਚ ਪਾਣੀ ਤੇ ਸੀਵਰੇਜ ਸਿਸਟਮ ਠੱਪ
Publish Date: Mon, 08 Jun 2026 07:14 PM (IST)
Updated Date: Mon, 08 Jun 2026 07:17 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਥਾਨਕ ਅਬੋਹਰ ਰੋਡ ਦੀ ਗਲੀ ਨੰਬਰ 14 ’ਚ ਸਰਕਾਰੀ ਪਾਈਪਲਾਈਨ ਪਾਉਣ ਦਾ ਕੰਮ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਗਲੀ ’ਚ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਵੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਠੇਕੇਦਾਰ ਦੀ ਲਾਪਰਵਾਹੀ ਇਲਾਕਾ ਨਿਵਾਸੀਆਂ ’ਤੇ ਭਾਰੀ ਪੈ ਗਈ। ਜੇਸੀਬੀ ਮਸ਼ੀਨ ਨਾਲ ਪੁਟਾਈ ਕਰਨ ਦੌਰਾਨ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪੁਰਾਣੀਆਂ ਪਾਈਪਾਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ। ਟੁੱਟੀਆਂ ਲਾਈਨਾਂ ਨੂੰ ਬੋਰੀਆਂ ਬੰਨ੍ਹ ਕੇ ਆਰਜ਼ੀ ਤੌਰ ’ਤੇ ਬੰਦ ਕਰਨ ਕਾਰਨ ਐਤਵਾਰ ਤੋਂ ਇਲਾਕੇ ਦੇ ਕਰੀਬ 50 ਘਰਾਂ ’ਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਨਿਕਾਸੀ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਰ ਰੁਕ ਗਏ ਹਨ। ਨਾਰਾਜ਼ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਜਤਾਉਂਦਿਆਂ ਤੁਰੰਤ ਹੱਲ ਦੀ ਮੰਗ ਕੀਤੀ ਹੈ। ਮੁਹੱਲਾ ਨਿਵਾਸੀ ਅਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ, ਕਮਲਜੀਤ ਕੌਰ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ’ਚ ਪਿਛਲੇ ਲੰਮੇ ਸਮੇਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਸੀ, ਜਿਸ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਸਨ। ਇਲਾਕਾ ਵਾਸੀਆਂ ਦੀ ਲਗਾਤਾਰ ਮੰਗ ਤੋਂ ਬਾਅਦ ਸਰਕਾਰ ਨੇ ਗਲੀ ’ਚ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਦਾ ਕੰਮ ਤਾਂ ਸ਼ੁਰੂ ਕਰਵਾਇਆ, ਪਰ ਰਾਹਤ ਮਿਲਣ ਦੀ ਬਜਾਏ ਮੁਸੀਬਤ ਹੋਰ ਵੱਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਦੀ ਲਾਪਰਵਾਹੀ ਕਾਰਨ ਸਾਰਾ ਕੰਮ ਉਲਟਾ ਪੈ ਗਿਆ ਹੈ। ਕੰਮ ਦੌਰਾਨ ਜੇਸੀਬੀ ਮਸ਼ੀਨ ਨਾਲ ਗਲੀ ਦੀ ਬੇਤਰਤੀਬੇ ਢੰਗ ਨਾਲ ਪੁਟਾਈ ਕੀਤੀ ਗਈ, ਜਿਸ ਨਾਲ ਪਹਿਲਾਂ ਤੋਂ ਵਿਛੀਆਂ ਪਾਈਪਾਂ ਟੁੱਟ ਗਈਆਂ। ਦੋਸ਼ ਹੈ ਕਿ ਮਜ਼ਦੂਰਾਂ ਨੇ ਟੁੱਟੀਆਂ ਪਾਈਪਾਂ ’ਤੇ ਬੋਰੀਆਂ ਬੰਨ੍ਹ ਕੇ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਤਾਂ ਜੋ ਖੋਦੇ ਗਏ ਟੋਇਆਂ ਵਿੱਚ ਪਾਣੀ ਨਾ ਭਰੇ। ਇਸ ਜੁਗਾੜ ਨੇ ਲੋਕਾਂ ਦੇ ਘਰਾਂ ਦਾ ਪਾਣੀ ਤੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਐਤਵਾਰ ਤੋਂ ਘਰਾਂ ’ਚ ਕੈਦ ਹਨ ਲੋਕ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਐਤਵਾਰ ਤੋਂ ਗਲੀ ਦੇ ਕਰੀਬ 50 ਘਰਾਂ ’ਚ ਹਾਲਾਤ ਬਦਤਰ ਬਣੇ ਹੋਏ ਹਨ। ਘਰਾਂ ’ਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਅਤੇ ਸੀਵਰੇਜ ਜਾਮ ਹੋਣ ਕਾਰਨ ਗੰਦਗੀ ਦੀ ਨਿਕਾਸੀ ਬੰਦ ਹੈ। ਲੋਕ ਬਾਥਰੂਮ, ਰਸੋਈ ਅਤੇ ਰੋਜ਼ਾਨਾ ਦੇ ਜ਼ਰੂਰੀ ਕੰਮ ਕਰਨ ਤੋਂ ਵੀ ਅਸਮਰੱਥ ਹਨ। ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਥੋੜ੍ਹਾ ਜਿਹਾ ਵੀ ਪਾਣੀ ਇਸਤੇਮਾਲ ਕਰਦੇ ਹਨ, ਤਾਂ ਗੰਦਾ ਪਾਣੀ ਉਛਲ ਕੇ ਘਰਾਂ ਦੇ ਅੰਦਰ ਹੀ ਜਮ੍ਹਾਂ ਹੋ ਜਾਂਦਾ ਹੈ। ਮੋਹੱਲੇ ਦੇ ਲੋਕਾਂ ਨੇ ਪ੍ਰਸ਼ਾਸਨ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਮੱਸਿਆ ਹੱਲ ਕਰਨ ਦੀ ਬਜਾਏ ਨਵੀਂ ਮੁਸੀਬਤ ਗਲ ਪਾ ਦਿੱਤੀ ਗਈ ਹੈ। ਤੁਰੰਤ ਸਮੱਸਿਆ ਹੱਲ ਕਰਨ ਦੀ ਮੰਗ ਦੀਪਕ ਪਾਲ ਸ਼ਰਮਾ, ਕਮਲਜੀਤ ਕੌਰ ਅਤੇ ਗੁਰਮੀਤ ਸਿੰਘ ਸਮੇਤ ਹੋਰਨਾਂ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੁੱਟੀ ਹੋਈ ਪਾਈਪਲਾਈਨ ਨੂੰ ਯੁੱਧ ਪੱਧਰ ’ਤੇ ਤੁਰੰਤ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਲਾਪਰਵਾਹ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਦਿੱਕਤ ਨਾ ਆਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਵਿੱਚ ਹੋਰ ਦੇਰੀ ਹੋਈ ਤਾਂ ਗਰਮੀ ਦੇ ਇਸ ਸੀਜ਼ਨ ਵਿੱਚ ਮੋਹੱਲੇ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਵੇਗਾ। ਫਿਲਹਾਲ ਪੂਰੀ ਗਲੀ ਵਿੱਚ ਕੰਮ ਬੰਦ ਪਿਆ ਹੈ ਅਤੇ ਲੋਕ ਪ੍ਰਸ਼ਾਸਨ ਤੋਂ ਰਾਹਤ ਦੀ ਉਮੀਦ ਲਾਈ ਬੈਠੇ ਹਨ। ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ: ਐਕਸੀਅਨ ਇਸ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸਈਐਨ ਕੇਵਲ ਗਰਗ ਦਾ ਕਹਿਣਾ ਹੈ ਕਿ ਜੇਕਰ ਠੇਕੇਦਾਰ ਜਾਂ ਮਜ਼ਦੂਰਾਂ ਵੱਲੋਂ ਅਜਿਹੀ ਲਾਪਰਵਾਹੀ ਹੋਈ ਹੈ, ਤਾਂ ਮਾਮਲੇ ਦੀ ਤੁਰੰਤ ਪੜਤਾਲ ਕਰਵਾ ਕੇ ਲਾਈਨਾਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ।