ਚੁਫੇਰੇ ਲੱਗੇ ਕੂੜੇ ਦੇ ਢੇਰਾਂ ਨੇ ਜਿਉਣਾ ਕੀਤਾ ਦੁੱਭਰ
ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਚੁਫੇਰੇ ਲੱਗੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਕੀਤਾ ਜਿਉਣਾ ਦੁੱਭਰ
Publish Date: Sun, 17 May 2026 03:37 PM (IST)
Updated Date: Sun, 17 May 2026 03:39 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਫ਼ਾਈ ਕਰਮਚਾਰੀਆਂ ਦੀ ਰਾਜ ਪੱਧਰੀ ਹੜਤਾਲ ਦੇ ਚਲਦਿਆਂ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ’ਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਚੁੱਕਾ ਹੈ। ਸ਼ਹਿਰ ਦੇ ਚੁਫੇਰੇ ਲੱਗੇ ਕੂੜੇ ਦੇ ਵਿਸ਼ਾਲ ਢੇਰਾਂ ਨੇ ਸਥਾਨਕ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਸਾਰੇ ਮੁਹੱਲਿਆਂ, ਮੁੱਖ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਸਿਰਫ਼ ਤੇ ਸਿਰਫ਼ ਕੂੜਾ ਹੀ ਨਜ਼ਰ ਆਉਂਦਾ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚੋਂ ਅਸਹਿ ਬਦਬੂ ਆ ਰਹੀ ਹੈ। ਹੋਰ ਤਾਂ ਹੋਰ, ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਅਤੇ ਲੋਕਾਂ ਦੀ ਸੈਰਗਾਹ ਵਜੋਂ ਜਾਣੇ ਜਾਂਦੇ ਗੁਰੂ ਗੋਬਿੰਦ ਸਿੰਘ ਪਾਰਕ ’ਚ ਸੈਰ ਕਰਨ ਆਉਣ ਵਾਲੇ ਨਾਗਰਿਕਾਂ ਦਾ ਸੁਆਗਤ ਹੁਣ ਹਰਿਆਵਲ ਦੀ ਬਜਾਏ ਕੂੜੇ ਦੇ ਢੇਰ ਕਰ ਰਹੇ ਹਨ। ਪਾਰਕ ਦੇ ਨਾਲ ਲੱਗਦੀ ਉਹ ਮੁੱਖ ਸੜਕ, ਜਿੱਥੇ ਲੜਕਿਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਸਥਿਤ ਹਨ, ਉਸਦਾ ਅੱਧੇ ਤੋਂ ਵੱਧ ਹਿੱਸਾ ਖਿੱਲਰੇ ਹੋਏ ਕੂੜੇ ਨੇ ਮੱਲਿਆ ਹੋਇਆ ਹੈ। ਸਕੂਲ ਆਉਣ-ਜਾਣ ਵਾਲੇ ਮਾਸੂਮ ਬੱਚੇ ਅਤੇ ਦਫ਼ਤਰੀ ਮੁਲਾਜ਼ਮ ਰੋਜ਼ਾਨਾ ਇਸੇ ਗੰਦਗੀ ਅਤੇ ਬਦਬੂ ਵਿੱਚੋਂ ਲੰਘਣ ਲਈ ਮਜਬੂਰ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸਤੋਂ ਇਲਾਵਾ ਨਗਰ ਕੌਂਸਲ ਦੇ ਬਿਲਕੁਲ ਸਾਹਮਣੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਤੇ ਇਹ ਕੂੜਾ ਸੜਕ ਦੇ ਵਿਚਕਾਰ ਤੱਕ ਆ ਖਿਲਰਿਆ ਹੈ। ਕੂੜੇ ’ਚੋਂ ਆਉਂਦੀ ਬਦਬੂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਦੋ ਹਫ਼ਤਿਆਂ ਤੋਂ ਪ੍ਰਸ਼ਾਸਨ ਧਾਰੀ ਬੈਠਾ ਹੈ ਚੁੱਪ ਕਰੀਬ ਦੋ ਹਫ਼ਤਿਆਂ ਤੋਂ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ, ਪਰ ਸਥਾਨਕ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੂੜੇ ਦੇ ਨਿਪਟਾਰੇ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਸਿਤਮ ਦੀ ਗੱਲ ਇਹ ਹੈ ਕਿ ਜੋ ਸਰਕਾਰ ਰੋਜ਼ਾਨਾ ਸਕੂਲਾਂ, ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਸਫ਼ਾਈ ਦੀਆਂ ਦੁਹਾਈਆਂ ਦਿੰਦੀ ਨਹੀਂ ਥੱਕਦੀ, ਉਸੇ ਦੇ ਨੁਮਾਇੰਦੇ ਅੱਜ ਅੱਖਾਂ ਫੇਰ ਕੇ ਬੈਠੇ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਕੂੜੇ ਤੋਂ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਜਿਵੇਂ ਹੈਜ਼ਾ, ਡੇਂਗੂ ਅਤੇ ਮਲੇਰੀਆ ਅਤੇ ਜਨ-ਸਿਹਤ ਦੀ ਕੋਈ ਪ੍ਰਵਾਹ ਨਹੀਂ ਹੈ। ਆਪ ਸਰਕਾਰ ਨੇ ਫੇਰਿਆ ਆਸਾਂ ਤੇ ਪਾਣੀ : ਸਫ਼ਾਈ ਕਰਮਚਾਰੀ ਦੂਸਰੇ ਪਾਸੇ, ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਕਰਮਚਾਰੀ ਆਗੂਆਂ ਦਾ ਕਹਿਣਾ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਨ੍ਹਾਂ ਦੀਆਂ ਉਮੀਦਾਂ ਦਾ ਗਲਾ ਘੁੱਟਿਆ ਹੈ। ਆਗੂਆਂ ਨੇ ਕਿਹਾ ਕਿ ਅਸੀਂ ਨਿਗੂਣੀਆਂ ਤਨਖਾਹਾਂ ਤੇ ਦਿਹਾੜੀਦਾਰ ਵਜੋਂ ਕੰਮ ਕਰ ਰਹੇ ਹਾਂ, ਆਪ ਸਰਕਾਰ ਨੇ ਵੀ ਸਾਡੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਮਾਮੂਲੀ ਦਿਹਾੜੀ ਤੋਂ ਬਿਨਾਂ ਕੋਈ ਵੀ ਮੈਡੀਕਲ ਜਾਂ ਸਮਾਜਿਕ ਸੁਰੱਖਿਆ ਸਹੂਲਤ ਨਹੀਂ ਦਿੱਤੀ ਜਾਂਦੀ। ਸਫਾਈ ਕਰਮਚਾਰੀਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਕਾਮਿਆਂ ਨੂੰ ਪੱਕੇ ਕਰਕੇ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ। ਕੂੜਾ ਚੁੱਕਿਆ ਨਹੀਂ ਪਰ ਮਹੀਨਾਵਾਰ ਵਸੂਲੀ ਜਾਰੀ ਹੜਤਾਲ ਦੇ 12ਵੇਂ ਦਿਨ ’ਚ ਸ਼ਾਮਲ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਇੱਥੋਂ ਤੱਕ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੇ ਨਾ ਤਾਂ ਸ਼ਹਿਰ ਦੀ ਸਫ਼ਾਈ ਲਈ ਕੋਈ ਆਵਾਜ਼ ਉਠਾਈ ਹੈ ਅਤੇ ਨਾ ਹੀ ਸਫ਼ਾਈ ਕਰਮੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਕੂੜਾ ਚੁੱਕਿਆ ਨਹੀਂ, ਪਰ ਮਹੀਨਾਵਾਰ ਵਸੂਲੀ ਜਾਰੀ ਹੈ। ਸਭ ਤੋਂ ਵੱਡੀ ਸਿਤਮ ਜ਼ਰੀਫ਼ੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਥਾਨਕ ਨਗਰ ਕੌਂਸਲ ਵੱਲੋਂ ਘਰਾਂ ਵਿੱਚੋਂ ਕੂੜਾ ਚੁਕਵਾਉਣ ਦਾ ਤਾਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਪਰ ਘਰ-ਘਰ ਜਾ ਕੇ ਕੂੜੇ ਦੀ ਮਹੀਨਾਵਾਰ ਫੀਸ (ਯੂਜ਼ਰ ਚਾਰਜਿਸ) ਦੀ ਵਸੂਲੀ ਬੜੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਹੈ। ਲੋਕਾਂ ’ਚ ਭਾਰੀ ਰੋਸ ਸਰਕਾਰ ਅਤੇ ਨਗਰ ਕੌਂਸਲ ਦੇ ਇਸ ਦੋਹਰੇ ਤੇ ਅੜੀਅਲ ਰਵੱਈਏ ਖ਼ਿਲਾਫ਼ ਸ਼ਹਿਰ ਵਾਸੀਆਂ ’ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਹੀ ਰਵੱਈਆ ਰੱਖਿਆ, ਤਾਂ ਇਸ ਦਾ ਖ਼ਮਿਆਜ਼ਾ ਸੱਤਾਧਾਰੀ ਧਿਰ ਨੂੰ ਸਿਰ ਤੇ ਆਈਆਂ ਨਗਰ ਕੌਂਸਲ ਚੋਣਾਂ ਵਿੱਚ ਭੁਗਤਣਾ ਪਵੇਗਾ। ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਹੜਤਾਲ ਖ਼ਤਮ ਕਰਵਾਈ ਜਾਵੇ। ਸ਼ਹਿਰ ਦੀ ਬਦਤਰ ਹੋ ਚੁੱਕੀ ਸਫ਼ਾਈ ਵਿਵਸਥਾ ਨੂੰ ਯੁੱਧ ਪੱਧਰ ਤੇ ਸੁਧਾਰਿਆ ਜਾਵੇ ਤਾਂ ਜੋ ਸ਼ਹਿਰ ਨੂੰ ਮਹਾਮਾਰੀ ਫੈਲਣ ਤੋਂ ਬਚਾਇਆ ਜਾ ਸਕੇ।