ਗੁਰੂ ਗੋਬਿੰਦ ਸਿੰਘ ਪਾਰਕ ਦੇ ਦੁਆਲੇ ਕੂੜੇ ਦੇ ਢੇਰ, ਜੀਣਾ ਹੋਇਆ ਮੁਹਾਲ
ਗੁਰੂ ਗੋਬਿੰਦ ਸਿੰਘ ਪਾਰਕ ਦੇ ਦੁਆਲੇ ਕੂੜੇ ਦੇ ਢੇਰ, ਜੀਣਾ ਹੋਇਆ ਮੁਹਾਲ
Publish Date: Fri, 06 Feb 2026 04:48 PM (IST)
Updated Date: Fri, 06 Feb 2026 04:50 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਰਕਾਰ ਵੱਲੋਂ ਲੱਖਾਂ ਰੁਪਏ ਲਾ ਕੇ ਚਾਲੂ ਕੀਤੇ ਕੂੜਾ ਚੁੱਕਣਵਾਲੇ ਵਾਹਨਾਂ ਦੇ ਬਾਵਜੂਦ ਸ਼ਹਿਰ ਦੇ ਇਕੋ-ਇਕ ਪਾਰਕ ‘ਗੁਰੂ ਗੋਬਿੰਦ ਸਿੰਘ ਪਾਰਕ’, ਸਰਕਾਰੀ ਸਕੂਲ (ਲੜਕੇ) ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰਾਂ, ਸੈਰ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ। ਇਸ ਗੰਦਗੀ ’ਚ ਵਾਧਾ ਕਰਨ ਵਾਸਤੇ ਇਥੇ ਇਕ ਖੁੱਲਾ ਪਿਸ਼ਾਬਘਰ ਵੀ ਬਣਿਆ ਹੋਇਆ ਹੈ। ਇਸ ਪਿਸ਼ਾਬਘਰ ਦੀਆਂ ਪਾਇਪਾਂ ਬੰਦ ਹੋਣ ਕਰਕੇ ਇਸਦਾ ਗੰਦਾ ਪਾਣੀ ਸੜਕ ਉਪਰ ਖਿਲਰਿਆ ਰਹਿੰਦਾ ਹੈ। ਇਸ ਕੂੜੇ ਦੇ ਢੇਰ ਉਪਰ ਕੁੱਤੇ ਅਤੇ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਜਿੰਨ੍ਹਾਂ ਪਾਸੋਂ ਮਨੁੱਖੀ ਜਾਨਾਂ ਦਾ ਖਤਰਾ ਬਣਿਆ ਰਹਿੰਦਾ ਹੈ। ਸਿੱਤਮ ਦੀ ਗੱਲ ਇਹ ਹੈ ਕਿ ਇਹ ਕੂੜਾ ਸੁੱਟਦੇ ਵੀ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਵਾਲੇ ਹੀ ਹਨ। ਜਦੋਂ ਢੇਰ ਲੱਗ ਜਾਂਦੇ ਹਨ ਤਾਂ ਉਸ ਉਪਰ ਆਂਢ-ਗੁਆਂਢ ਦੇ ਲੋਕ ਅਤੇ ਦੁਕਾਨਦਾਰ ਵੀ ਆਪਣਾ ਕੂੜਾ ਸੁੱਟ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਹ ਕੂੜੇ ਦੇ ਢੇਰ ਇਥੇ ਲਾਉਣ ਤੋਂ ਰੋਕਣ ਵਾਸਤੇ ਸਖਤ ਕਾਰਵਾਈ ਕਰੇ। ਕੂੜਾ ਰਾਤ ਨੂੰ ਚੋਰੀ ਸੁੱਟਿਆ ਜਾਂਦਾ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਸਫਾਈ ਵਾਸਤੇ ਅਤੇ ਕੂੜਾ ਚੁੱਕਣ ਵਾਸਤੇ ਨਵੀਂਆਂ ਗੱਡੀਆਂ ਅਤੇ ਕਰਮਚਾਰੀ ਲਾਏ ਗਏ ਹਨ ਜਿਹੜੇ ਸ਼ਹਿਰੋਂ ਬਾਹਰ ਬਣੇ ਡੰਪ ਵਿੱਚ ਕੂੜਾ ਸਿੱਟਦੇ ਹਨ। ਇਹ ਕੂੜੇ ਦਾ ਢੇਰ ਉਨ੍ਹਾਂ ਲੋਕਾਂ ਵੱਲੋਂ ਲਾਇਆ ਜਾਂਦਾ ਹੈ ਜਿਹੜੇ ਪ੍ਰਾਈਵੇਟ ਕੂੜਾ ਚੁੱਕਦੇ ਹਨ ਜਾਂ ਘਰਾਂ ਤੇ ਦੁਕਾਨਾਂ ਵਾਲੇ ਸਿੱਟਦੇ ਹਨ, ਉਹ ਵੀ ਚੋਰੀ, ਰਾਤ ਵੇਲੇ। ਕਮੇਟੀ ਵੱਲੋਂ ਰੋਜ਼ਾਨਾ ਇਹ ਕੂੜਾ ਚੁੱਕਿਆ ਜਾਂਦਾ ਹੈ।