ਗੈਸ ਸਿਲੰਡਰ ਲੈਣ ਲਈ ਲੋਕ ਏਜੰਸੀ ਦੇ ਬਾਹਰ ਲਾਈਨਾਂ ’ਚ ਲੱਗੇ
ਗੈਸ ਸਿਲੰਡਰ ਲੈਣ ਲਈ ਲੋਕ ਏਜੰਸੀ ਦੇ ਬਾਹਰ ਲਾਈਨਾਂ ’ਚ ਲੱਗੇ
Publish Date: Sun, 22 Mar 2026 04:43 PM (IST)
Updated Date: Sun, 22 Mar 2026 04:46 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਗੈਸ ਸਿਲੰਡਰਾਂ ਨੂੰ ਲੈ ਕੇ ਲੋਕਾਂ ’ਚ ਇਕ ਭੈਅ ਜਿਹਾ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲਣਾ। ਅਜਿਹੇ ’ਚ ਲੋਕ ਵੱਡੀ ਗਿਣਤੀ ’ਚ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜ੍ਹੇ ਹਨ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਅਜੇ ਵੀ ਇਹ ਕਹਿੰਦਾ ਆ ਰਿਹਾ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਹੈ। ਮਲੋਟ ’ਚ ਇੱਕ ਗੈਸ ਏਜੰਸੀ ਦੇ ਬਾਹਰ ਲੋਕਾਂ ਦੀ ਲੰਬੀ ਲਾਈਨ ਦੇਖੀ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਰੇਲੂ ਗੈਸ ਸਪਲਾਈ ਲਗਾਤਾਰ ਆ ਰਹੀ ਹੈ। ਜਿਨ੍ਹਾਂ ਲੋਕਾਂ ਦੀ ਗੈਸ ਸਿਲੰਡਰ ਲੈਣ ਦੀ ਜਿੰਨੀ ਤਰੀਕ ਹੈ ਉਹ ਨਿਰਧਾਰਤ ਸਮੇਂ ਤੇ ਪਹੁੰਚਣ, ਗੈਸ ਮਿਲ ਰਹੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਤਾਂ ਆ ਰਹੀ ਹੈ ਪਰ ਕਮਰਸ਼ੀਅਲ ਸਿਲੰਡਰ ਨਹੀਂ ਮਿਲ ਰਹੇ। ਹਾਲਾਂਕਿ ਸਰਕਾਰ ਨੇ ਸੀਮਤ ਸਪਲਾਈ ਦਾ ਆਦੇਸ਼ ਦਿੱਤਾ ਹੈ, ਪਰ ਜਿਹੜੇ ਲੋਕ ਦੂਜੇ ਸ਼ਹਿਰਾਂ ਤੋਂ ਮੁਕਤਸਰ ’ਚ ਕੰਮ ਕਰਨ ਲਈ ਆਉਂਦੇ ਹਨ ਜਾਂ ਇਕੱਲੇ ਰਹਿੰਦੇ ਹਨ ਅਤੇ ਛੋਟੇ 5 ਕਿਲੋਗ੍ਰਾਮ ਦੇ ਸਿਲੰਡਰ ਭਰਦੇ ਹਨ, ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਜੋ ਲੋਕ ਰਿਫਿਲਿੰਗ ਕਰਦੇ ਹਨ ਨੂੰ ਹੁਣ ਗੈਸ ਨਹੀਂ ਮਿਲ ਰਹੀ, ਇਸ ਲਈ ਛੋਟੇ ਸਿਲੰਡਰਾਂ ਵਾਲੇ ਗੈਸ ਭਰਵਾਉਣ ਤੋਂ ਵਾਂਝੇ ਹੋ ਗਏ ਹਨ। ਉਹ ਗੈਸ ਭਰਵਾਉਣ ਵਾਸਤੇ ਸ਼ਹਿਰ ’ਚ ਜਗ੍ਹਾ ਜਗ੍ਹਾ ਭਟਕ ਰਹੇ ਹਨ। ਸ਼ਹਿਰ ਦੇ ਢਾਬੇ ਅਤੇ ਹੋਰ ਕਾਰੋਬਾਰਾਂ ਨੂੰ ਵੀ ਵਪਾਰਕ ਗੈਸ ਸਿਲੰਡਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਕੰਮਕਾਜ ’ਚ ਵਿਘਨ ਪੈ ਰਿਹਾ ਹੈ। ਹਾਲਾਂਕਿ ਘਰੇਲੂ ਸਿਲੰਡਰ ਉਪਲਬਧ ਹਨ, ਪਰ ਡਰ ਬਣਿਆ ਹੋਇਆ ਹੈ, ਕਿਉਂਕਿ ਮਲੋਟ ’ਚ ਇੱਕ ਗੈਸ ਏਜੰਸੀ ਦੇ ਬਾਹਰ ਲੋਕਾਂ ਨੂੰ ਲਾਈਨਾਂ ਵਿੱਚ ਖੜ੍ਹੇ ਦੇਖਿਆ ਗਿਆ। ਮੁਕਤਸਰ ਵਿੱਚ ਵੀ ਸਥਿਤੀ ਅਜਿਹੀ ਹੀ ਹੈ। ਹਾਲਾਂਕਿ ਏਡੀਸੀ ਡੇਵੀ ਗੋਇਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ। ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਬੁਕਿੰਗਾਂ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਅਤੇ ਸਿਲੰਡਰ ਨਿਰਧਾਰਤ ਸਮੇਂ ਦੇ ਅੰਦਰ ਡਿਲੀਵਰ ਕੀਤੇ ਜਾ ਰਹੇ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜ਼ਿਲ੍ਹੇ ’ਚ 25 ਗੈਸ ਏਜੰਸੀਆਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਕੋਲ ਪ੍ਰਸ਼ਾਸਨ ਵੱਲੋਂ ਲੋੜੀਂਦਾ ਸਟਾਕ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਹਰਪਰਿੰਦਰ ਸਿੰਘ ਨੇ ਦੱਸਿਆ ਕਿ ਹਰੇਕ ਏਜੰਸੀ ਰੋਜ਼ਾਨਾ 250-300 ਸਿਲੰਡਰ ਸਪਲਾਈ ਕਰਦੀ ਹੈ, ਜੋ ਕਿ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਬਾਵਜੂਦ ਇਸਦੇ ਲੋਕ ਸਟੋਕ ਕਰਨ ’ਚ ਲੱਗੇ ਹੋਏ ਹਨ। ਪਹਿਲਾਂ ਪ੍ਰਤੀ ਏਜੰਸੀ ਔਸਤਨ 300-350 ਪ੍ਰਤੀ ਦਿਨ ਬੁਕਿੰਗ ਕਰਦੀ ਸੀ, ਪਰ ਹੁਣ ਇਹ 700 ਤੋਂ ਵੱਧ ਹੋ ਗਈ ਹੈ। ਇਸ ਨਾਲ ਘਰਾਂ ਨੂੰ ਗੈਸ ਸਿਲੰਡਰਾਂ ਦੀ ਨਿਯਮਤ ਡਿਲੀਵਰੀ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਨੂੰ ਰੋਕਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਲ੍ਹੇ ਦੀਆਂ ਸਾਰੀਆਂ ਏਜੰਸੀਆਂ ਕੋਲ ਲੋੜੀਂਦਾ ਸਟਾਕ ਹੈ। ਮੁਕਤਸਰ ਜ਼ਿਲ੍ਹੇ ’ਚ ਕੁੱਲ 34,901 ਗੈਸ ਕੁਨੈਕਸ਼ਨ ਹਨ, ਜਿੱਥੇ ਸਪਲਾਈ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿਲੰਡਰ ਬੁੱਕ ਕਰਨ ਅਤੇ ਪ੍ਰਾਪਤ ਕਰਨ। ਅਜਿਹੇ ਸਮੇਂ ’ਚ ਪਹਿਲਾਂ ਹੀ ਲਾਈਨਾਂ ’ਚ ਨਾ ਲੱਗਣ।