ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਗੈਸ ਏਜੰਸੀ ਖ਼ਿਲਾਫ਼ ਕੱਢੀ ਭੜਾਸ
ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਵੱਲੋਂ ਪ੍ਰਦਰਸ਼ਨ
Publish Date: Wed, 18 Mar 2026 05:12 PM (IST)
Updated Date: Wed, 18 Mar 2026 05:16 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੀ ਭੱਠੀ ਵਾਲਾ ਮੌੜ ਨੇੜੇ ਸਥਿਤ ਪ੍ਰੀਤ ਗੈਸ ਏਜੰਸੀ ਦੇ ਬਾਹਰ ਘਰੇਲੂ ਗੈਸ ਖਪਤਕਾਰਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗੈਸ ਏਜੰਸੀ ਸੰਚਾਲਕਾਂ ਵਿਰੁੱਧ ਸਿਲੰਡਰਾਂ ਦੀ ਕਾਲਾਬਜਾਰੀ ਕਰਨ ਦੇ ਦੋਸ਼ ਲਗਾਏ। ਮੌਕੇ ’ਤੇ ਮੌਜੂਦ ਖਪਤਕਾਰਾਂ ਨੇ ਕਿਹਾ ਕਿ ਉਹ ਬੀਤੇ ਕਈ ਕਈ ਦਿਨਾਂ ਤੋਂ ਆਪਣੇ ਖਾਲੀ ਗੈਸ ਸਿਲੰਡਰ ਮੋਡਿਆਂ ’ਤੇ ਰੱਖ ਕੇ ਰੋਜਾਨਾ ਉਕਤ ਗੈਸ ਏਜੰਸੀ ਦੇ ਚੱਕਰ ਲਗਾ ਰਹੇ ਹਨ ਪਰੰਤੂ ਉਨ੍ਹਾਂ ਨੂੰ ਰੋਜਾਨਾ ਅਗਲੇ ਦਿਨ ਆਉਣ ਲਈ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਗੈਸ ਸਿਲੰਡਰਾਂ ਨੂੰ ਲੈ ਕੇ ਦੂਜੇ ਪਾਸੇ ਗਿੱਦੜਬਾਹਾ ਵਿਖੇ ਇਕ ਨਵਾਂ ਹੀ ਮਾਮਲਾ ਸਾਹਮਣੇ ਕਿ ਖਪਤਕਾਰਾਂ ਨੂੰ ਬਿਨਾਂ ਸਿਲੰਡਰ ਲਏ ਹੀ ਸਿਲੰਡਰ ਡਿਲਵਰ ਹੋਣ ਦੇ ਮੈਸੇਜ ਆ ਰਹੇ ਹਨ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੁਕੇਸ਼ ਕੁਮਾਰ ਸ਼ੰਮੀ ਬੁੱਟਰ, ਸੁਰੇਸ਼ ਕੁਮਾਰ, ਮੁਕੇਸ਼ ਕੁਮਾਰ ਪਿੰਟੂ ਭੱਠੇਵਾਲਾ, ਦਰਸ਼ਨ ਬਾਂਸਲ ਅਤੇ ਦਵਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਸਿਲੰਡਰ ਲਈ ਆਨ ਲਾਈਨ ਬੁਕਿੰਗ ਕੀਤੀ ਸੀ ਅਤੇ ਨਾਲ ਹੀ ਪੇਮੈਂਟ ਵੀ ਆਨ ਲਾਈਨ ਕਰ ਦਿੱਤੀ ਸੀ ਪਰੰਤੂ ਬਾਵਜੂਦ ਇਸਦੇ ਉਨ੍ਹਾਂ ਨੂੰ ਕੋਈ ਵੀ ਸਿਲੰਡਰ ਡਿਲਵਰ ਨਹੀਂ ਕੀਤਾ ਗਿਆ, ਜਦੋਂਕਿ ਸਿਲੰਡਰ ਡਿਲਵਰ ਹੋਣ ਸੰਬੰਧੀ ਮੈਸੇਜ ਵੀ ਮੋਬਾਇਲ ਰਾਹੀਂ ਆ ਗਏ। ਪੂਰੇ ਮਾਮਲੇ ’ਚ ਵੱਡੀ ਗੱਲ ਇਹ ਰਹੀ ਕਿ ਉਕਤ ਖਪਤਕਾਰਾਂ ਨੂੰ ਜਿੱਥੇ ਓਟੀਪੀ ਦਿੱਤੇ ਬਿਨਾਂ ਡਿਲਵਰੀ ਦਾ ਮੈਸੇਜ ਆਇਆ ਉਥੇ ਹੀ ਉਨ੍ਹਾਂ ਦੇ ਖਾਤਿਆਂ ਵਿਚ ਬਣਦੀ ਸਬਸਿਡੀ ਵੀ ਕੈਰੈਡਿਟ ਹੋ ਗਈ। ਗੈਸ ਖਪਤਕਾਰਾਂ ਨੇ ਉਕਤ ਪ੍ਰੀਤ ਗੈਸ ਏਜੰਸੀ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਗੈਸ ਸਿਲੰਡਰਾਂ ਦੀ ਕਾਲਾਬਜਾਰੀ ਕਰਨ ਅਤੇ ਬਲੈਕ ’ਚ ਸਿਲੰਡਰ ਵੇਚੇ ਜਾਣ ਦੇ ਦੋਸ਼ ਵੀ ਲਗਾਏ। ਜਦੋਂ ਪੂਰੇ ਮਾਮਲੇ ਵਿਚ ਜਦੋਂ ਪ੍ਰੀਤ ਗੈਸ ਏਜੰਸੀ ਵਿਚ ਮੌਜੂਦ ਕੰਪਿਊਟਰ ਓਪਰੇਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਭਾਂਵੇਂ ਇਸ ਸੰਬੰਧੀ ਦਿੱਕਤਾਂ ਆ ਰਹੀਆਂ ਹਨ ਪਰੰਤੂ ਫਿਰ ਵੀ ਪਿੱਛੋਂ ਗੈਸ ਸਪਲਾਈ ਆਉਣ ਤੇ ਖਪਤਕਾਰਾਂ ਨੂੰ ਜਲਦੀ ਸਿਲੰਡਰ ਮੁਹੱਈਆ ਕਰਵਾਏ ਜਾਣਗੇ।